Punjab

ਸੈਣੀ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਹਾਈਕੋਰਟ ਦੇ ਜੱਜ ਨੇ ਹੱਥ ਖੜੇ ਕੀਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਵੱਲੋਂ ਚੀਫ਼ ਵਿਜੀਲੈਂਸ ਅਧਿਕਾਰੀ ਬੀ.ਕੇ. ਉੱਪਲ ਅਤੇ ਹੋਰਾਂ ਖਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐੱਚਐੱਸ ਸਿੱਧੂ ਨੇ ਆਪਣੇ-ਆਪ ਨੂੰ ਕੇਸ ਤੋਂ ਅਲੱਗ ਕਰ ਲਿਆ ਹੈ। ਉਨ੍ਹਾਂ ਨੇ ਕੇਸ ਚੀਫ਼ ਜਸਟਿਸ ਨੂੰ ਰੈਫਰ ਕਰਦਿਆਂ ਨਵੇਂ ਬੈਂਚ ਦੇ ਗਠਨ ਦੀ ਮੰਗ ਕੀਤੀ ਹੈ। ਸੁਮੇਧ ਸਿੰਘ ਸੈਣੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਹ ਹਾਈਕੋਰਟ ਦੇ ਹੁਕਮਾਂ ‘ਤੇ18 ਅਗਸਤ ਨੂੰ ਵਿਜੀਲੈਂਸ ਦੇ ਮੁਹਾਲੀ ਵਿਚਲੇ ਦਫ਼ਤਰ ਵਿਖੇ ਕੇਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਪਰ ਜ਼ਮਾਨਤ ਹੋਣ ਦੇ ਬਾਵਜੂਦ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਉਸ ਤੋਂ ਬਾਅਦ ਹਾਈਕੋਰਟ ਵੱਲੋਂ ਉਸਨੂੰ ਗੈਰ ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਣ ਦੇ ਵਿਰੁੱਧ ਦਾਇਰ ਅਰਜ਼ੀ ‘ਤੇ 19 ਅਗਸਤ ਨੂੰ ਦੇਰ ਰਾਤ ਰਿਹਾਅ ਕੀਤਾ ਗਿਆ ਸੀ। ਸੈਣੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਹੜੀ ਕਿ ਕੋਰਟ ਦੀ ਹੱਤਕ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਨਾਲ ਇਹ ਵਰਤਾਰਾ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਕੀਤਾ ਸੀ। ਪਟੀਸ਼ਨ ਵਿੱਚ ਚੀਫ਼ ਵਿਜੀਲੈਂਸ ਅਫਸਰ ਬੀਕੇ ਉੱਪਲ, ਸੰਯੁਕਤ ਨਿਰਦੇਸ਼ਕ ਵਰਿੰਦਰ ਸਿੰਘ ਬਰਾੜ ਅਤੇ ਡੀਐੱਸਪੀ ਵਰਿੰਦਰ ਸਿੰਘ ਨੂੰ ਧਿਰ ਬਣਾਇਆ ਗਿਆ ਹੈ।