‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਲਈ ਇੱਕ ਖੁਸ਼ਖਬਰੀ ਹੈ। ਐੱਨਡੀਪੀਐੱਸ ਕੇਸ ਦੇ ਕੁੜਿੱਕੀ ਵਿੱਚ ਫਸੇ ਬਿਕਰਮ ਸਿੰਘ ਮਜੀਠੀਆ ਦੀ ਚਾਹੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਪਰ ਤਿੰਨ ਦਿਨਾਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਬਰਕਰਾਰ ਰਹੇਗੀ। ਮਜੀਠੀਆ ਨੇ ਸੱਤ ਦਿਨਾਂ ਤੱਕ ਗ੍ਰਿਫਤਾਰੀ ‘ਤੇ ਰੋਕ ਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਕੇਸ ਪਾਉਣ ਦੀ ਮੋਹਲਤ ਮੰਗੀ ਸੀ ਪਰ ਹਾਈਕੋਰਟ ਨੇ ਸੱਤ ਦਿਨਾਂ ਦੀ ਥਾਂ ਤਿੰਨ ਦਿਨਾਂ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਸੁਪਰੀਮ ਕੋਰਟ ਵਿੱਚ ਅਪੀਲ ਦਾਖ਼ਲ ਕਰਨ ਲਈ ਕਿਹਾ ਹੈ।
ਮੁਹਾਲੀ ਪੁਲਿਸ ਨੇ ਉਹਨਾਂ ਦੇ ਖਿਲਾਫ ਐੱਨਡੀਪੀਐੱਸ ਦੀ ਧਾਰਾ 27 ਅਤੇ 29 ਏ ਤਹਿਤ ਕੇਸ ਦਰਜ ਕੀਤਾ ਸੀ ਪਰ ਉਹ ਰੂਪੋਸ਼ ਹੋ ਗਏ। ਉਨ੍ਹਾਂ ਨੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਜਿਹੜੀ ਕਿ 24 ਦਸੰਬਰ ਨੂੰ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈਕੋਰਟ ਵੱਲੋਂ ਅੱਠ ਜਨਵਰੀ ਤੋਂ ਲੈ ਕੇ ਲੰਘੇ ਕੱਲ੍ਹ ਤੱਕ ਜ਼ਮਾਨਤ ‘ਤੇ ਰਹੇ ਅਤੇ ਨਾਲ ਹੀ ਗ੍ਰਿਫਤਾਰੀ ‘ਤੇ ਰੋਕ ਲੱਗੀ ਰਹੀ। ਕੱਲ਼੍ਹ ਰੈਗੂਲਰ ਬੇਲ ਲਈ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਲੀਜਾ ਗਿੱਲ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਉਹ ਫੈਸਲਾ ਆਉਣ ਤੋਂ ਬਾਅਦ ਮੁੜ ਰੂਪੋਸ਼ ਦੱਸੇ ਜਾ ਰਹੇ ਹਨ ਅਤੇ ਪੰਜਾਬ ਪੁਲਿਸ ਵੱਲ਼ੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਵਿਚਲੀ ਰਿਹਾਇਸ਼ ਸਮੇਤ ਹੋਰ ਕਈ ਥਾਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅਦਾਲਤ ਦੇ ਇਸ ਫੈਸਲੇ ਨਾਲ ਮੁਲਜ਼ਮ ਅਤੇ ਉਨ੍ਹਾਂ ਦੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਲ਼ਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸੰਕਟ ਖੜਾ ਹੋ ਗਿਆ ਹੈ।