ਬਿਊਰੋ ਰਿਪੋਰਟ – 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਪ੍ਰਦੀਪ ਕਲੇਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਤੋਂ ਬਾਅਦ ਹਾਈਕੋਰਟ ਨੇ ਇਹ ਫ਼ੈਸਲਾ ਦਿੱਤਾ ਹੈ। ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਸਰਕਾਰ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਹਾਈ ਕੋਰਟ ਨੇ ਕਲੇਰ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਇਸ ਪਟੀਸ਼ਨ ਵਿੱਚ ਕਲੇਰ ਨੇ 20 ਅਕਤੂਬਰ 2015 ਨੂੰ ਦਰਜ ਐਫਆਈਆਰ ਦੇ ਆਧਾਰ ’ਤੇ ਜ਼ਮਾਨਤ ਦੀ ਮੰਗ ਕੀਤੀ ਸੀ। ਦੱਸ ਦੇਈਏ ਕਲੇਰ ਨੇ ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਖ਼ਿਲਾਫ਼ ਗਵਾਹੀ ਦਿੱਤੀ ਸੀ।
ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਹੈ, “ਕਿਉਂਕਿ FIR 2015 ਨਾਲ ਸਬੰਧਿਤ ਹੈ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਹਿ-ਮੁਲਜ਼ਮ ਜਤਿੰਦਰ ਵੀਰ ਅਰੋੜਾ ਨੇ ਪਟੀਸ਼ਨਰ ਦਾ ਨਾਮ ਲਿਆ ਸੀ। ਇਸ ਮਾਮਲੇ ’ਚ ਉਸ ਨੂੰ ਤੇ 7 ਹੋਰ ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਸਿਰਫ਼ ਪਟੀਸ਼ਨਰ ਹੀ ਹਿਰਾਸਤ ਵਿੱਚ ਹੈ। ਉਹ ਆਪਣੇ ਖ਼ਿਲਾਫ਼ ਦਰਜ ਹੋਰ ਮਾਮਲਿਆਂ ’ਚ ਜ਼ਮਾਨਤ ’ਤੇ ਹੈ। ਸਰਕਾਰ ਦੇ ਜਵਾਬ ਤੋਂ ਬਾਅਦ ਉਸ ਨੂੰ ਸਰਕਾਰੀ ਗਵਾਹ ਬਣਾਏ ਜਾਣ ਦੀ ਸੰਭਾਵਨਾ ਹੈ। ਇਸ ਸਥਿਤੀ ਵਿੱਚ ਪਟੀਸ਼ਨਰ ਨੂੰ ਹੋਰ ਕੈਦ ਦੀ ਲੋੜ ਨਹੀਂ ਹੈ।”
ਪ੍ਰਦੀਪ ਕਲੇਰ ਦੀ ਗਵਾਹੀ ਦੀਆਂ 6 ਅਹਿਮ ਗੱਲਾਂ
1. ਮੈਂ ਸਿਆਸੀ ਵਿੰਗ ਦਾ ਪ੍ਰਧਾਨ ਸੀ
ਮੈਂ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ। ਸਾਲ 2014 ਵਿੱਚ ਮੈਨੂੰ ਡੇਰੇ ਦੇ ਸਿਆਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਮੇਰਾ ਕੰਮ ਲੀਡਰਾਂ ਨੂੰ ਮਿਲਣਾ ਸੀ। ਮੈਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਇਸ ਦਾ ਪ੍ਰਧਾਨ ਬਣਾਇਆ ਸੀ।
2. ਰਾਮ ਰਹੀਮ ਨੂੰ ਮਿਲਣ ਲਈ ਬੁਲਾਇਆ ਗਿਆ
ਮੈਂ ਮਾਰਚ ਜਾਂ ਅਪ੍ਰੈਲ 2015 ਵਿੱਚ ਦਿੱਲੀ ਜਾਣਾ ਸੀ। ਮੈਨੂੰ ਰਾਮ ਰਹੀਮ ਨੂੰ ਮਿਲਣ ਲਈ ਬੁਲਾਇਆ ਗਿਆ ਸੀ। ਜਦੋਂ ਮੈਂ ਉਥੇ ਗਿਆ ਤਾਂ ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਕੁਮਾਰ ਉਰਫ ਰਾਕੇਸ਼ ਦਿੜਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰਪਾਲ ਬਿੱਟੂ ਕੋਟਕਪੂਰਾ, ਗੁਲਾਬ ਅਤੇ ਗੁਰਲੀਨ ਉਰਫ ਰਾਕੇਸ਼ ਕੁਮਾਰ ਮੌਜੂਦ ਸਨ।
3. ਮਹਿੰਦਰਪਾਲ ਨੇ ਕਿਹਾ- ਡੇਰਾ ਪ੍ਰੇਮੀਆਂ ਨੇ ਸਾਡੇ ਲਾਕੇਟ ਜ਼ਮੀਨ ’ਤੇ ਸੁੱਟੇ
ਮਹਿੰਦਰਪਾਲ ਨੇ ਸੌਦਾ ਸਾਧ ਨੂੰ ਦੱਸਿਆ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਨੇ ਕਥਾ ਕੀਤੀ ਸੀ। ਇਸ ਤੋਂ ਪ੍ਰੇਰਿਤ ਹੋ ਕੇ ਰਾਮ ਰਹੀਮ ਨੂੰ ਮੰਨਣ ਵਾਲੇ ਲੋਕਾਂ ਨੇ ਰਾਮ ਰਹੀਮ ਦੀ ਫੋਟੋ ਵਾਲਾ ਲਾਕੇਟ ਜ਼ਮੀਨ ’ਤੇ ਸੁੱਟ ਦਿੱਤਾ।
4. ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਗੁੱਸਾ ਆਇਆ
ਇਹ ਸੁਣ ਕੇ ਹਨੀਪ੍ਰੀਤ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, ਜਦੋਂ ਇਹ ਲਾਕੇਟ ਸੁੱਟੇ ਗਏ ਸੀ ਤਾਂ ਤੁਸੀਂ ਕੁਝ ਕਿਉਂ ਨਹੀਂ ਕੀਤਾ? ਫਿਰ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਕਿਹਾ, ਇੱਟ ਦਾ ਜਵਾਬ ਪੱਥਰ ਨਾਲ ਦਿਓ। ਉਥੇ ਮੌਜੂਦ ਰਾਕੇਸ਼ ਅਤੇ ਬਿੱਟੂ ਨੇ ਕਿਹਾ ਕਿ ਉਹ ਪ੍ਰਚਾਰਕ ਹਨ ਅਤੇ ਸਿੱਖਾਂ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਹਨ। ਇਸ ਤੋਂ ਬਾਅਦ ਹਨੀਪ੍ਰੀਤ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਗੱਲ ਕਹੀ। ਰਾਮ ਰਹੀਮ ਨੇ ਕਿਹਾ ਕਿ ਹਨੀਪ੍ਰੀਤ ਜੋ ਵੀ ਕਹਿ ਰਹੀ ਹੈ, ਜਲਦੀ ਤੋਂ ਜਲਦੀ ਕਰੋ।
5. ਪੰਜਾਬ ਕਮੇਟੀ ਮੈਂਬਰ ਨੂੰ ਬੇਅਦਬੀ ਦੀ ਡਿਊਟੀ ਦਿੱਤੀ ਗਈ
ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਪੰਜਾਬ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਇਸ ਕੰਮ ਨੂੰ ਆਪਣੀ ਟੀਮ ਵੱਲੋਂ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨਾ ਉਸ ਦਾ ਫਰਜ਼ ਸੀ। ਉਸ ਸਮੇਂ ਮੈਂ ਉਨ੍ਹਾਂ ਦੇ ਪਿੱਛੇ ਖੜ੍ਹਾ ਸੀ। ਸੌਦਾ ਸਾਧ ਨੇ ਪੁੱਛਿਆ ਬੇਟਾ ਤੇਰਾ ਕੀ ਕੰਮ ਹੈ? ਮੈਂ ਦੱਸਿਆ ਕਿ ਮੈਂ ਦਿੱਲੀ ਜਾਣਾ ਹੈ। ਉਸ ਨੇ ਕੁਝ ਲੋਕਾਂ ਨੂੰ ਮਿਲਣ ਲਈ ਕਿਹਾ। ਫਿਰ ਮੈਂ ਆ ਗਿਆ।
6. ਮੈਨੂੰ ਤੇ ਮੇਰੇ ਪਰਿਵਾਰ ਨੂੰ ਰਾਮ ਰਹੀਮ-ਹਨੀਪ੍ਰੀਤ ਤੋਂ ਖ਼ਤਰਾ
ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ। ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਦਿੜਬਾ ਅਤੇ ਹੋਰ ਮੈਨੂੰ ਮਾਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਮਹਿੰਦਰਪਾਲ ਬਿੱਟੂ ਦੀ ਨਾਭਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਮੇਰੀ ਪਤਨੀ, ਬੇਟੀ, ਪਿਤਾ, ਮਾਂ ਅਤੇ ਰਿਸ਼ਤੇਦਾਰਾਂ ਸਮੇਤ ਮੇਰਾ ਪਰਿਵਾਰ ਡੇਰਾ ਮੁਖੀ ਤੋਂ ਡਰਿਆ ਹੋਇਆ ਹੈ। ਉਹ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ।