India Punjab

ਵਿਆਹ ਕਰਵਾਉਣ ਦਾ ਨਵਾਂ ਤਰੀਕਾ ਦੇਖ ਲੋਓ, ਕੋਰਟ ਨੇ ਵੀ ਮਾਰਿਆ ਮੱਥੇ ਉੱਤੇ ਹੱਥ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵੀਂ ਪੀੜ੍ਹੀ ਆਧੁਨਿਕ ਸੋਚ ਨਾਲ ਕਈ ਵਾਰ ਅਜਿਹੇ ਕਾਰਨਾਮੇ ਕਰ ਜਾਂਦੀ ਹੈ ਕਿ ਉਸਨੂੰ ਵੀ ਨਹੀਂ ਪਤਾ ਹੁੰਦਾ ਕਿ ਨਤੀਜਾ ਕੀ ਨਿਕਲਣਾ ਹੈ। ਵਿਆਹ ਦੇ ਮਾਮਲਿਆਂ ਵਿਚ ਨਿਤ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਹੁਣ ਜਿਹੜੀ ਖਬਰ ਹਰਿਆਣਾ ਦੇ ਪੰਚਕੂਲਾ ਦੇ ਇੱਕ ਜੋੜੇ ਨੇ ਸੁਣਾਈ ਹੈ, ਉਹ ਤੁਹਾਨੂੰ ਹੈਰਾਨ ਕਰ ਦੇਵੇਗੀ।

ਦਰਅਸਲ ਹਰਿਆਣਾ ਦੇ ਪੰਚਕੂਲਾ ਦੇ ਇੱਕ ਜੋੜੇ ਨੇ ਹੋਟਲ ਦੇ ਕਮਰੇ ਵਿੱਚ ਭਾਂਡੇ ਵਿੱਚ ਬਾਲਣ ਬਾਲ ਕੇ ਉਸਦੇ ਦੁਆਲੇ ‘ਸੱਤ ਫੇਰੇ’ ਲੈ ਲਏ ਤੇ ਵਿਆਹ ਕਰਵਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਇਸ ਵਿਆਹ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਇਸਦੇ ਨਾਲ ਹੀ ਅਦਾਲਤ ਨੇ ਜੋੜੇ ‘ਤੇ 25,000 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਤੇ ਕਿਹਾ ਹੈ ਕਿ ਵਿਆਹ ਦੀ ਇਹ ਰਸਮ ਜਿਸ ਤਰੀਕੇ ਨਿਭਾਈ ਗਈ ਹੈ, ਉਹ ਯੋਗ ਨਹੀਂ ਹੈ। ਦੱਸ ਦਈਏ ਕਿ ਲੜਕੀ ਦੀ ਉਮਰ 20 ਸਾਲ ਤੇ ਲੜਕੇ ਦੀ ਉਮਰ 19 ਸਾਲ 5 ਮਹੀਨੇ ਹੈ। ਦੋਵਾਂ ਨੇ ਆਪਣੇ ਪਰਿਵਾਰ ਦੀ ਇੱਛਾ ਦੇ ਵਿਰੁੱਧ ਜਾ ਕੇ ਵਿਆਹ ਰਚਾਇਆ ਹੈ। ਆਪਣੇ ਰਿਸ਼ਤੇਦਾਰਾਂ ਤੋਂ ਜਾਨ ਨੂੰ ਖਤਰਾ ਦੱਸਦਿਆਂ ਉਨ੍ਹਾਂ ਕੋਰਟ ਦੀ ਸ਼ਰਨ ਮੰਗੀ ਹੈ।

ਜਾਣਕਾਰੀ ਅਨੁਸਾਰ ਇਸ ਜੋੜੇ ਨੇ ਘਰ ਤੋਂ ਭੱਜਣ ਤੋਂ ਬਾਅਦ 26 ਸਤੰਬਰ ਨੂੰ ਵਿਆਹ ਕਰਵਾਇਆ ਸੀ, ਪਰ ਦੋਵਾਂ ਕੋਲ ਬਾਅਦ ਵਿੱਚ ਅਦਾਲਤ ਨੂੰ ਵਿਖਾਉਣ ਲਈ ਨਾ ਤਾਂ ਕੋਈ ਸਰਟੀਫਿਕੇਟ ਹੈ ਅਤੇ ਨਾ ਹੀ ਵਿਆਹ ਨਾਲ ਸੰਬੰਧਿਤ ਕੋਈ ਫੋਟੋ ਹੈ।

ਜੋੜੇ ਵੱਲੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਉਹ ਇੱਕ ਹੋਟਲ ਦੇ ਕਮਰੇ ਵਿੱਚ ਠਹਿਰੇ ਸਨ ਅਤੇ ਲੜਕੇ ਨੇ ਲੜਕੀ ਦੇ ਸੰਧੂਰ ਪਾ ਕੇ ਕਮਰੇ ਵਿੱਚ ਇੱਕ ਭਾਂਡੇ ਵਿੱਚ ਅੱਗ ਬਾਲ ਕੇ ਸੱਤ ਫੇਰੇ ਲੈ ਲਏ ਤੇ ਬਾਅਦ ਵਿੱਚ ਇੱਕ ਦੂਜੇ ਦੇ ਵਰਮਾਲਾ ਪਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਮੰਤਰ ਦਾ ਜਾਪ ਨਹੀਂ ਕੀਤਾ ਗਿਆ ਹੈ।