ਬਿਉਰੋ ਰਿਪੋਰਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੰਦੇ ਹੋਏ ਪੁੱਛਿਆ ਆਖਿਰ ਲਾਰੈਂਸ ਨੂੰ ਵਾਰ-ਵਾਰ ਪੰਜਾਬ ਕਿਉਂ ਲਿਆਉਂਦਾ ਗਿਆ?
ਅਦਾਲਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਇੰਟਰਵਿਊ ਦੇ ਪਿੱਛੇ ਮਕਸਦ ਕੀ ਸੀ? ਪੁਲਿਸ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਪੂਰਾ ਇੰਟਰਵਿਊ ਕੀਤਾ ਗਿਆ। ਜਿਨ੍ਹਾਂ ਪੁਲਿਸ ਮੁਲਜ਼ਮਾਂ ਨੇ ਇਸ ਨੂੰ ਅੰਜਾਮ ਦਿੱਤਾ, ਉਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜਿਸ਼ ਅਤੇ ਕਰੱਪਸ਼ਨ ਦੇ ਲਿਹਾਜ਼ ਨਾਲ ਜਾਂਚ ਕੀਤੀ ਜਾਵੇ। ਇਸ ਮਾਮਲੇ ਵਿੱਚ DGP ਪ੍ਰਬੋਧ ਕੁਮਾਰ ਨੂੰ ਮੁੜ ਤੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਅਦਾਲਤ ਨੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਕਿਹਾ ਕਿ ਤੁਸੀਂ ਦੱਸਿਆ ਹੈ ਕਿ ਲਾਰੈਂਸ ਦਾ ਇੰਟਰਵਿਊ ਕਿੱਥੇ ਹੋਇਆ ਸੀ। ਪਰ ਇੰਟਰਵਿਊ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਦਾਲਤ ਤੁਹਾਨੂੰ ਇੱਕ ਹੋਰ ਮੌਕਾ ਦਿੰਦੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਮੁੜ ਐਸਆਈਟੀ ਦਾ ਗਠਨ ਕੀਤਾ ਹੈ। ਏਡੀਜੀਪੀ ਨੀਲਾਭ ਕਿਸ਼ੋਰ ਅਤੇ ਏਡੀਜੀਪੀ ਨਾਗੇਸ਼ਵਰ ਰਾਓ ਇਸ ਵਿੱਚ ਮੈਂਬਰ ਹੋਣਗੇ। ਇਹ ਜਾਂਚ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਕੋਣ ’ਤੇ ਹੋਵੇਗੀ।