Punjab

ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਵਿੱਚ ਫੈਸਲਾ ਅੱਜ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਅੱਜ 30 ਦਸੰਬਰ ਨੂੰ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਉਸ ਵਿਰੁੱਧ ਐਨਡੀਪੀਐੱਸ ਤਹਿਤ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀਂ ਮੁਹਾਲੀ ਦੇ ਵਧੀਕ ਤੇ ਜ਼ਿਲਾ ਸ਼ੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਨੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਸੁਤਰਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੀ.ਚਿਦੰਬਰਮ ਅਤੇ ਮਜੀਠੀਆ ਦੇ ਪੱਖ ਵਿੱਚ  ਐਡਵੋਕੇਟ ਮੁਕੁਲ ਰੋਹਤਗੀ ਬਹਿਸ ਕਰਨਗੇ।

ਜੇਕਰ ਹਾਈਕੋਰਟ ‘ਚ ਵੀ ਜ਼ਮਾਨਤ ਪਟੀਸ਼ਨ ਖਾਰਜ ਹੋ ਜਾਂਦੀ ਹੈ ਤਾਂ ਮਜੀਠੀਆ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ।ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਮਜੀਠੀਆ ਨੂੰ ਅਗਾਊਂ ਜ਼ਮਾਨਤ ਨਾ ਮਿਲੇ। ਸੀਐਮ ਚਰਨਜੀਤ ਚੰਨੀ ਅਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਨਾਲ-ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਇਸ ਨੂੰ ਚੋਣ ਮੁੱਦਾ ਬਣਾ ਰਹੇ ਹਨ।ਬਿਕਰਮ ਮਜੀਠੀਆ ਖਿਲਾਫ 20 ਦਸੰਬਰ ਨੂੰ ਮੋਹਾਲੀ ਦੇ ਕ੍ਰਾਈਮ ਬ੍ਰਾਂਚ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਐਨਡੀਪੀਐਸ ਐਕਟ ਦੀਆਂ ਧਾਰਾਵਾਂ 25, 27ਏ ਅਤੇ 29 ਤਹਿਤ ਦਰਜ ਕੇਸ ਵਿੱਚ ਦੋਸ਼ ਹੈ ਕਿ ਮਜੀਠੀਆ ਨੇ ਨਸ਼ਾ ਤਸਕਰਾਂ ਨੂੰ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੂੰ ਕਾਰ-ਗੰਨਮੈਨ ਦੇਣ ਦੇ ਨਾਲ-ਨਾਲ ਨਸ਼ੇ ਦੀ ਸਪਲਾਈ ਦਾ ਵੀ ਬੰਦੋਬਸਤ ਕਰਨ ਦਾ ਦੋਸ਼ੀ ਵੀ ਦੱਸਿਆ ਗਿਆ। ਮਾਮਲਾ ਦਰਜ ਹੁੰਦੇ ਹੀ ਮਜੀਠੀਆ ਰੂਪੋਸ਼ ਹੋ ਗਿਆ। ਉਸ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਛੱਡ ਦਿੱਤੀ। ਜਿਸ ਤੋਂ ਬਾਅਦ ਸਰਕਾਰ ਉਸ ਨੂੰ ਫੜ ਨਹੀਂ ਸਕੀ।