International

ਹਿਜ਼ਬੁੱਲਾ ਨੇ ਤੇਲ ਅਵੀਵ ’ਚ ਮੋਸਾਦ ਹੈੱਡਕੁਆਰਟਰ ’ਤੇ ਦਾਗ਼ੇ ਮਿਜ਼ਾਈਲ! ਇਜ਼ਰਾਈਲ ’ਤੇ ਹਮਲੇ ਦਾ ਕੀਤਾ ਦਾਅਵਾ

ਬਿਉਰੋ ਰਿਪੋਰਟ: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਜਾਰੀ ਹੈ। ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਤੇਲ ਅਵੀਵ ਵਿੱਚ ਮੋਸਾਦ ਹੈੱਡਕੁਆਰਟਰ ’ਤੇ ਉਸ ਵੱਲੋਂ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਹਿਜ਼ਬੁੱਲਾ ਨੇ ਕਿਹਾ ਹੈ ਕਿ ਇਜ਼ਰਾਈਲ ’ਤੇ 4 ਮਿਜ਼ਾਈਲ ਹਮਲੇ ਕੀਤੇ ਗਏ ਹਨ।

ਇਸ ਦੌਰਾਨ, ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਵਿਰੁੱਧ ‘ਸੀਮਤ, ਸਥਾਨਕ ਅਤੇ ਨਿਸ਼ਾਨਾ’ ਜ਼ਮੀਨੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨਾਲ ਫੋਨ ’ਤੇ ਗੱਲਬਾਤ ਦੌਰਾਨ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵਾਸ਼ਿੰਗਟਨ ਦੇ ਸਮਰਥਨ ਨੂੰ ਦੁਹਰਾਇਆ ਹੈ। ਹਾਲਾਂਕਿ, ਉਨ੍ਹਾਂ ਨੇ ਇਜ਼ਰਾਈਲ-ਲੇਬਨਾਨ ਸਰਹੱਦ ਦੇ ਦੋਵੇਂ ਪਾਸੇ ਨਾਗਰਿਕਾਂ ਦੀ ਸੁਰੱਖਿਆ ਲਈ ਕੂਟਨੀਤਕ ਹੱਲ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਹੈ।

ਦਰਅਸਲ ਮੱਧ ਪੂਰਬ ਵਿੱਚ ਪਿਛਲੇ ਕੁਝ ਦਿਨਾਂ ਵਿਚ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਦੇ ਮਾਰੇ ਜਾਣ ਤੋਂ ਬਾਅਦ ਇਹ ਖਦਸ਼ਾ ਮਜ਼ਬੂਤ ​​ਹੋ ਗਿਆ ਹੈ ਕਿ ਪੂਰਾ ਖੇਤਰ ਕਿਸੇ ਵੱਡੇ ਸੰਘਰਸ਼ ’ਚ ਉਲਝ ਸਕਦਾ ਹੈ। ਇਜ਼ਰਾਈਲ ਤੋਂ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। 17-18 ਸਤੰਬਰ ਨੂੰ ਲੇਬਨਾਨ ਵਿੱਚ ਦੋ ਦਿਨਾਂ ਲਈ ਹਿਜ਼ਬੁੱਲਾ ਦੇ ਮੈਂਬਰਾਂ ਦੇ ਪੇਜਰ ਅਤੇ ਵਾਕੀ-ਟਾਕੀਜ਼ ਜ਼ਰੀਏ ਧਮਾਕੇ ਕੀਤੇ ਗਏ ਹਨ।