Punjab

4 ਦਿਨ ਬਾਅਦ ਹੇਮਕੁੰਟ ਸਾਹਿਬ ਦੀ ਯਾਤਰਾ ਰੁਕੀ ! ਪ੍ਰਸ਼ਾਸਨ ਨੇ ਕੀਤਾ ਵੱਡਾ ਅਲਰਟ ! ਸ਼ਰਧਾਲੂਆਂ ਨੂੰ ਇਸ ਥਾਂ ‘ਤੇ ਰੁਕਣ ਦੇ ਨਿਰਦੇਸ਼

ਬਿਊਰੋ ਰਿਪੋਰਟ :  ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਰੋਕਿਆ ਗਿਆ ਹੈ। ਭਾਰੀ ਮੀਂਹ ਅਤੇ ਬਰਫ਼ਬਾਰੀ ਕਰਕੇ ਯਾਤਰਾ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਨੇ ਸੰਗਤਾਂ ਨੂੰ ਸੁਰੱਖਿਅਤ ਥਾਂ ‘ਤੇ ਰੁਕਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਵੱਲੋਂ ਸੰਗਤਾਂ ਨੂੰ ਸ਼ਾਮ ਨੂੰ ਅਪਡੇਟ ਕੀਤਾ ਜਾਵੇਗਾ ਕਿ ਯਾਤਰਾ ਮੁੜ ਤੋਂ ਕਦੋਂ ਸ਼ੁਰੂ ਹੋਵੇਗੀ। ਫਿਲਹਾਲ ਇੱਕ ਦਿਨ ਦੇ ਲਈ ਯਾਤਰਾ ਨੂੰ ਰੋਕਿਆ ਗਿਆ ਹੈ। ਹੇਮਕੁੰਟ ਸਾਹਿਬ 15,210 ਫੁੱਟ ਦੀ ਉਚਾਈ ‘ਤੇ ਹੈ। ਮੌਸਮ ਵਿੱਚ ਹੋਣ ਵਾਲੀ ਤਬਦੀਲੀ ਦੇ ਨਾਲ ਹੀ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ।

ਮੌਸਮ ਵਿਭਾਗ ਵੱਲੋਂ 72 ਘੰਟੇ ਦਾ ਅਲਰਟ

ਪ੍ਰਸ਼ਾਸਨ ਨੇ ਦੱਸਿਆ ਹੈ ਕਿ ਸੰਗਤ ਨੂੰ ਖਾਗਰੀਆਂ ਤੋਂ ਹੇਮਕੁੰਟ ਦੇ ਲਈ ਰਵਾਨਾ ਨਹੀਂ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 72 ਘੰਟਿਆਂ ਦਾ ਅਲਰਟ ਜਾਰੀ ਕੀਤਾ ਹੈ। ਹੇਮਕੁੰਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਬਿੰਦ ਘਾਟ ਵਿੱਚ ਯਾਤਰੀਆਂ ਦੇ ਲਈ ਪੂਰੇ ਇੰਤਜ਼ਾਮ ਕੀਤੇ ਹਨ ਤਾਂਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪ੍ਰਸ਼ਾਸਨ ਨੇ ਕਿਹਾ ਜਿਵੇਂ ਹੀ ਮੌਸਮ ਵਿਭਾਗ ਵੱਲੋਂ ਕੋਈ ਚੰਗੀ ਖ਼ਬਰ ਆਵੇਗੀ ਯਾਤਰੀਆਂ ਨੂੰ ਦਰਸ਼ਨਾਂ ਦੇ ਲਈ ਰਵਾਨਾ ਕਰ ਦਿੱਤਾ ਜਾਵੇਗਾ।

20 ਮਈ ਨੂੰ ਖੁੱਲੇ ਸਨ ਕੇਵਾੜ

20 ਮਈ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਸੀ, ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਰਾਜਪਾਲ ਵੀ ਮੌਜੂਦ ਰਹੇ ਸਨ । ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਸੀ। ਇਸ ਵਿੱਚ ਪ੍ਰਸਾਸ਼ਨ ਵੱਲੋਂ ਬਿਮਾਰ ਵਿਅਕਤੀਆਂ, 60 ਸਾਲ ਤੋਂ ਵਧੇਰੀ ਉਮਰ ਦੇ ਸ਼ਰਧਾਲੂਆਂ ਤੇ ਬੱਚਿਆਂ ਨੂੰ ਫਿਲਹਾਲ ਯਾਤਰਾ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਹੇਮਕੁੰਟ ਸਾਹਿਬ ਦੇ ਕੇਵਾੜ 20 ਮਈ ਨੂੰ ਖੁੱਲੇ ਸਨ ਪਰ ਪਹਿਲੇ ਜਥੇ ਨੂੰ ਰਿਸ਼ੀਕੇਸ਼ ਤੋਂ 17 ਮਈ ਨੂੰ ਰਵਾਨਾ ਕੀਤਾ ਗਿਆ ਸੀ। ਇਸੇ ਮਹੀਨੇ ਹੀ ਫੌਜ ਵੱਲੋਂ ਬਰਫ ਕੱਟ ਕੇ ਰਸਤੇ ਤਿਆਰ ਕੀਤੇ ਗਏ ਹਨ।