‘ਦ ਖ਼ਾਲਸ ਬਿਊਰੋ :- ਸਲਾਨਾ ਹੋਣ ਵਾਲੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਤਿੰਨ ਮਹੀਨੇ ਤੱਕ ਬੰਦ ਰਹੀ, ਪਰ ਹੁਣ ਇਹ ਯਾਤਰਾ ਮੁੜ 4 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ। ਇਹ ਯਾਤਰਾ ਲਗਪਗ ਇੱਕ ਮਹੀਨਾ ਚੱਲੇਗੀ। ਗੁਰਦੁਆਰਾ ਗੋਬਿੰਦਘਾਟ ਵਿਖੇ 1 ਸਤੰਬਰ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਸਨ।
ਸਿੱਖ ਪ੍ਰਬੰਧਕਾਂ ਨੇ ਦੱਸਿਆ ਕਿ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ 4 ਸਤੰਬਰ ਦੀ ਸਵੇਰੇ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਰਵਾਇਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਯਾਤਰਾ ਦੀ ਸ਼ੁਰੂਆਤ ਵਾਸਤੇ ਹੇਮਕੁੰਟ ਸਾਹਿਬ ਟਰਸੱਟ ਵਲੋਂ ਕੋਵਿਡ-19 ਦੇ ਲਈ ਵੀ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਤਹਿਤ ਹਰਿਦੁਆਰ ਤੋਂ ਲੈ ਕੇ ਹੇਮਕੁੰਟ ਸਾਹਿਬ ਤਕ ਸੱਤ ਗੁਰਦੁਆਰਿਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਸੰਗਤ ਦੀ ਰਿਹਾਇਸ਼ ਤੇ ਲੰਗਰ ਸਮੇਤ ਹੋਰ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਵੀ ਗਏ ਹਨ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਲਈ ਮੰਗਲਵਾਰ 1 ਸਤੰਬਰ ਤੋਂ ਅਖੰਡ ਪਾਠ ਅਰੰਭ ਕੀਤੇ ਹਨ, ਜਿਸ ਦੇ ਭੋਗ ਤਿੰਨ ਸਤੰਬਰ ਯਾਨਿ ਕਿ ਕੱਲ੍ਹ ਨੂੰ ਪੈਣਗੇ ਤੇ 200 ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋਵੇਗਾ, ਜੋ ਅਗਲੇ ਦਿਨ ਚਾਰ ਸਤੰਬਰ ਨੂੰ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜੇਗਾ।
ਯਾਤਰਾ ’ਤੇ ਆਉਣ ਵਾਲੇ ਹਰੇਕ ਸ਼ਰਧਾਲੂ ਕੋਲ ਕੋਰੋਨਾ ਟੈਸਟ RT -TCR ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। 72 ਘੰਟਿਆਂ ਦੀ ਟੈਸਟ ਦੀ ਰਿਪੋਰਟ ਨੂੰ ‘ਸਮਾਰਟ ਸਿਟੀ ਦੇਹਰਾਦੂਨ’ ਦੀ ਵੈੱਬਸਾਈਟ ’ਤੇ ਪਾ ਕੇ ‘ਈ-ਪਾਸ ’ ਲੈਣਾ ਜ਼ਰੂਰੀ ਹੈ, ਜਿਸ ਵਿੱਚ ਵਾਹਨ ਦੀ ਰਜਿਸਟਰੇਸ਼ਨ ਤੇ ਸ਼ਰਧਾਲੂਆਂ ਦੀ ਗਿਣਤੀ ਵੀ ਦਰਜ ਹੋਵੇਗੀ।
ਉੱਤਰਾਖੰਡ ਸਰਕਾਰ ਵੱਲੋਂ ਇਸ ਯਾਤਰਾ ਵਾਸਤੇ ਇੱਕ ਦਿਨ ‘ਚ ਸਿਰਫ 200 ਯਾਤਰੀਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕੋਰੋਨਾ ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਤੇ ਬਿਨਾਂ ਪ੍ਰਵਾਨਗੀ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਥੇ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਇਸ ਲਈ ਬਿਨਾਂ ਪ੍ਰਵਾਨਗੀ ਕੋਈ ਸ਼ਰਧਾਲੂ ਨਾ ਆਵੇ।