India

ਜੇਲ੍ਹ ’ਚੋਂ ਬਾਹਰ ਆਉਣ ਪਿੱਛੋਂ ਹੇਮੰਤ ਸੋਰੇਨ ਫਿਰ ਬਣਨਗੇ ਮੁੱਖ ਮੰਤਰੀ, ਚੰਪਾਈ ਅੱਜ ਹੀ ਸੌਂਪਣਗੇ ਅਸਤੀਫ਼ਾ

ਰਾਂਚੀ: ਹੇਮੰਤ ਸੋਰੇਨ ਇੱਕ ਵਾਰ ਫਿਰ ਤੋਂ ਝਾਰਖੰਡ ਦੇ ਮੁੱਖ ਮੰਤਰੀ ਬਣਨਗੇ। ਮੁੱਖ ਮੰਤਰੀ ਚੰਪਾਈ ਸੋਰੇਨ ਅੱਜ ਹੀ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਦੇ ਨਾਲ ਹੀ ਹੇਮੰਤ ਸੋਰੇਨ ਰਾਜਪਾਲ ਤੋਂ ਸਹੁੰ ਚੁੱਕਣ ਲਈ ਸਮਾਂ ਮੰਗਣਗੇ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਫਿਲਹਾਲ ਚੇਨਈ ਵਿੱਚ ਹਨ। ਉਹ ਅੱਜ ਸ਼ਾਮ 7 ਵਜੇ ਤੱਕ ਰਾਂਚੀ ਪਰਤ ਸਕਦੇ ਹਨ।

ਇਸ ਤੋਂ ਪਹਿਲਾਂ ਰਾਂਚੀ ਦੇ ਸੀਐੱਮ ਹਾਊਸ ਵਿੱਚ ਵਿਧਾਇਕ ਦਲ ਦੀ ਬੈਠਕ ਹੋਈ। ਇਸ ਵਿੱਚ ਹੇਮੰਤ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਸਾਰੇ ਵਿਧਾਇਕਾਂ ਨੂੰ ਸੀਐਮ ਹਾਊਸ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ ਹੈ।

ਸਾਬਕਾ ਸੀਐਮ ਹੇਮੰਤ ਸੋਰੇਨ 5 ਦਿਨ ਪਹਿਲਾਂ ਜੇਲ੍ਹ ਤੋਂ ਰਿਹਾਅ ਹੋਏ ਸਨ। ਉਨ੍ਹਾਂ ਦੀ ਰਿਹਾਈ ਨਾਲ ਝਾਰਖੰਡ ਦੀ ਸਿਆਸਤ ਗਰਮਾ ਗਈ ਹੈ। ਇੰਡੀਆ ਬਲਾਕ ਦੀ ਅੱਜ ਮੁੱਖ ਮੰਤਰੀ ਹਾਊਸ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ ਜੇਐਮਐਮ-ਕਾਂਗਰਸ ਅਤੇ ਆਰਜੇਡੀ ਦੇ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਏ।

ਮੁੱਖ ਮੰਤਰੀ ਚੰਪਾਈ ਦੇ ਸਾਰੇ ਪ੍ਰੋਗਰਾਮ ਮੁਲਤਵੀ

ਸੀਐਮ ਚੰਪਾਈ ਸੋਰੇਨ ਦੇ ਕਈ ਪ੍ਰੋਗਰਾਮ ਮੰਗਲਵਾਰ ਤੋਂ ਮੁਲਤਵੀ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਉਨ੍ਹਾਂ ਨੂੰ ਉਨ੍ਹਾਂ ਦੇ ਮੁਰਹਾਬਾਦੀ ਨਿਵਾਸ ’ਤੇ ਮਿਲਣ ਗਏ।

ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਗੱਲਬਾਤ ਹੋਈ। ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜੇਸ਼ ਠਾਕੁਰ ਨੇ ਵੀ ਸੀਐਮ ਚੰਪਾਈ ਸੋਰੇਨ ਨਾਲ ਮੁਲਾਕਾਤ ਕੀਤੀ ਹੈ।

ਹੇਮੰਤ ਸੋਰੇਨ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਵੀ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਗਈ ਹੈ। ਕਲਪਨਾ ਦੇ ਨਾਲ ਹੋਣ ਨੂੰ ਸਿਆਸੀ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ – ਪਰਮਜੀਤ ਸਰਨਾ ਨੇ ਬਾਗੀ ਧੜੇ ਨੂੰ ਕੀਤੀ ਖ਼ਾਸ ਅਪੀਲ, ਦੱਸੀਆਂ ਅੰਦਰਲੀਆਂ ਗੱਲਾਂ