Punjab

ਚੰਡੀਗੜ੍ਹ, ਮੁਹਾਲੀ, ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ

ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ। ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਰੂਪਨਗਰ ਵਿੱਚ 12 ਸੈਂਟੀਮੀਟਰ ਜਾਂ ਇਸ ਤੋਂ ਵੱਧ ਯਾਨੀ ਭਾਰੀ ਮੀਂਹ ਪੈ ਸਕਦਾ ਹੈ।

ਦੂਜੇ ਪਾਸੇ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਦਿਨਾਂ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ

ਤਾਪਮਾਨ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨੂੰ ਆਮ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਲੁਧਿਆਣਾ ਵਿੱਚ 35 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 35.4, ਅੰਮ੍ਰਿਤਸਰ ਵਿੱਚ 34.2, ਪਠਾਨਕੋਟ ਵਿੱਚ 32.7 ਅਤੇ ਫਿਰੋਜ਼ਪੁਰ ਵਿੱਚ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 2.5 ਮਿਲੀਮੀਟਰ ਅਤੇ ਪਠਾਨਕੋਟ ਵਿੱਚ 2.5 ਮਿਲੀਮੀਟਰ ਮੀਂਹ ਪਿਆ।