The Khalas Tv Blog Punjab ਪੰਜਾਬ ‘ਚ ਭਾਰੀ ਮੀਂਹ : ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵਧ ਸਕਦੀਆਂ ਮੁਸ਼ਕਲਾਂ…
Punjab

ਪੰਜਾਬ ‘ਚ ਭਾਰੀ ਮੀਂਹ : ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵਧ ਸਕਦੀਆਂ ਮੁਸ਼ਕਲਾਂ…

ਚੰਡੀਗੜ੍ਹ : ਪੰਜਾਬ ਵਿੱਚ ਇੱਕ ਬਾਰ ਮੁੜ ਤੋਂ ਮਾਨਸੂਨ ਸਰਗਰਮ ਹੋਵੇਗਾ। ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਪੰਜਾਬ ਵਿੱਚ ਟੁੱਟੇ ਧੁੱਸੀ ਬੰਨ੍ਹ ਦੀ ਮੁੜ ਉਸਾਰੀ ਦਾ ਚੱਲ ਰਿਹਾ ਕੰਮ ਵੀ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ।

ਅੱਜ ਨਮੀ 90 ਫ਼ੀਸਦੀ ਤੱਕ ਰਹਿਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ ਪਰ ਵਾਯੂ-ਮੰਡਲ ‘ਚ ਨਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਤਾਪਮਾਨ 40 ਤੋਂ 41 ਡਿਗਰੀ ਤੱਕ ਮਹਿਸੂਸ ਹੋਵੇਗਾ। ਪੰਜਾਬ ਦੀ ਹਵਾ ਵਿੱਚ ਅੱਜ ਪ੍ਰਦੂਸ਼ਣ ਦਾ ਪੱਧਰ ਵੀ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ‘ਤੇ 80 ਦੇ ਨੇੜੇ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਭਲਕੇ ਯਾਨੀ ਵੀਰਵਾਰ ਨੂੰ ਵੀ ਪੱਛਮੀ ਮਾਲਵਾ ਖੇਤਰ ਜਿਸ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਆਉਂਦੇ ਹਨ, ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਭਾਖੜਾ ਡੈਮ ਦੇ ਪਾਣੀ ਦਾ ਪੱਧਰ 1663 ਫੁੱਟ ਤੱਕ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ 17 ਫੁੱਟ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 50024 ਕਿਊਸਿਕ ਦਰਜ ਕੀਤੀ ਗਈ ਹੈ। ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 41858 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਦੀ ਤਹਿਸੀਲ ਲੋਹੀਆਂ ਦੇ ਪਿੰਡ ਢੱਕਾ ਬਸਤੀ ਅਤੇ ਗੱਟਾ ਮੁੰਡੀ ਕਾਸੋ ਨੇੜੇ ਟੁੱਟੇ 950 ਫੁੱਟ ਉੱਚੇ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਦਿਨ-ਰਾਤ ਜਾਰੀ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਗਤਾਂ ਨੇ ਇਸ ਬੰਨ੍ਹ ਦਾ ਕਾਫ਼ੀ ਹੱਦ ਤੱਕ ਨਿਰਮਾਣ ਕਰਵਾਇਆ ਹੈ। ਪੰਜਾਬ ਭਰ ਦੇ ਕਿਸਾਨ ਬੰਨ੍ਹ ਦੀ ਉਸਾਰੀ ਲਈ ਟਰਾਲੀਆਂ ਅਤੇ ਮਿੱਟੀ ਦੀਆਂ ਬੋਰੀਆਂ ਭੇਜ ਰਹੇ ਹਨ।

ਬੰਨ੍ਹ ਦੇ ਕੰਮ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਚਾਰ-ਪੰਜ ਦਿਨਾਂ ਵਿੱਚ ਡੈਮ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਸਿਰਫ਼ 10 ਫੁੱਟ ਖੇਤਰ ਬਚਿਆ ਹੈ ਜਿਸ ‘ਤੇ ਡੈਮ ਬਣਾਇਆ ਜਾਣਾ ਹੈ। ਡੈਮ ਦੇ ਦੋਵੇਂ ਪਾਸੇ ਉਸਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗਿੱਦੜਪਿੰਡੀ ਵਿੱਚ ਵੀ ਸਤਲੁਜ ਦਰਿਆ ਦੇ ਵਹਾਅ ਕਾਰਨ ਮੰਡਾਲਾ ਛੰਨਾ ਵਿੱਚ ਕਰੀਬ 350 ਫੁੱਟ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ। ਉਹ ਵੀ ਸੰਤ ਸੀਚੇਵਾਲ ਦੀ ਅਗਵਾਈ ਹੇਠ ਬਣਾਇਆ ਗਿਆ ਸੀ।

Exit mobile version