‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਵੱਖ-ਵੱਖ ਵਿੱਚ ਜਿਲ੍ਹਿਆਂ ਕੱਲ੍ਹ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਬੇਮੌਸਮੀ ਬਾਰਿਸ਼ ਕਾਰਨ ਕਈ ਥਾਈਂ ਫਸਲਾਂ ਦਾ ਨੁਕਸਾਨ ਹੋਣ ਕਾਰਨ ਲੋਕ ਪਰੇਸ਼ਾਨ ਹਨ ਤੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਖੜ੍ਹੀਆਂ ਫਸਲਾਂ ਵਿੱਛ ਗਈਆਂ ਹਨ ਤੇ ਮੰਡੀਆਂ ‘ਚ ਪਈ ਝੋਨੇ ਦੀ ਫਸਲ ਮੀਂਹ ਨਾਲ ਭਿੱਜ ਗਈ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਬੇਹੱਦ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਫਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਗਿਰਦਾਵਰੀ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਪੰਜਾਬ ਦੇ ਕਈ ਖਿੱਤਿਆਂ ਵਿੱਚ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਖਰਾਬ ਹੋਣ ਦੀਆਂ ਖਬਰਾਂ ਹਨ। ਪੰਜਾਬ ਦੇ ਅਜਨਾਲਾ ਵਿੱਚ ਬਾਰਿਸ਼ ਨੇ ਕਿਸਾਨਾਂ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਫਸਲ ਦੇ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਵੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਪਏ ਗੜਿਆਂ ਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਸ਼ਨੀਵਾਰ ਦੇਰ ਸ਼ਾਮ ਅਚਾਨਕ ਬਦਲੇ ਮੌਸਮ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਣੇ ਹੋਰਨਾਂ ਖੇਤਰਾਂ ਵਿੱਚ ਖੇਤਾਂ ’ਚ ਪੱਕੀ ਫ਼ਸਲ ਨੁਕਸਾਨੀ ਗਈ ਹੈ। ਅੱਜ ਸਵੇਰੇ ਵੀ ਕਈ ਥਾਈਂ ਬਾਰਸ਼ ਪਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਵੀ ਤੇਜ਼ ਮੀਂਹ ਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਪੰਜਾਬ ਵਿਚ ਅਕਤੂਬਰ ਦੌਰਾਨ ਪਿਛਲੇ ਸਾਲ ਨਾਲੋਂ 108 ਫੀਸਦ ਵਧ ਮੀਂਹ ਪਿਆ ਹੈ। ਸਭ ਤੋਂ ਜਿਆਦਾ ਉੱਤਰਾਖੰਡ ਵਿੱਚ 546 ਫੀਸਦ ਤੇ ਦਿੱਲੀ ਵਿੱਚ 234 ਫੀਸਦ ਬਾਰਿਸ਼ ਹੋਈ ਹੈ।
ਮੰਡੀਆਂ ਵਿੱਚ ਵੀ ਫਸਲ ਦਾ ਦੂਜਾ ਹਿੱਸਾ ਹਾਲੇ ਲਿਫਟਿੰਗ ਹੋਣਾ ਬਾਕੀ ਹੈ। ਲੇਬਰ ਤੇ ਟ੍ਰਾਂਸਪੋਰਟ ਦਾ ਵੀ ਸੰਕਟ ਹੈ। ਫਸਲ ਵਿੱਚ ਮੀਂਹ ਕਾਰਨ ਨਮੀਂ ਵਧਣ ਦਾ ਡਰ ਹੈ ਤੇ ਇਸ ਨਾਲ ਖਰੀਦ ਵੀ ਪ੍ਰਭਾਵਿਤ ਹੋ ਸਕਦੀ ਹੈ।
ਜਾਣਕਾਰੀ ਮੁਤਾਬਿਕ ਪਿੰਡ ਮੱਤੇ ਨੰਗਲ, ਸੁਧਾਰ, ਮਾਕੋਵਾਲ, ਜਸੜ ,ਥੋਬਾ ,ਮਦੂਛਾਗਾ, ਅਜਨਾਲਾ (ਅੰਮ੍ਰਿਤਸਰ) ਵਿਖੇ ਵੀ ਗੜ੍ਹੇਮਾਰੀ ਹੋਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਵੀ ਗੜੇਮਾਰੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਗੁਰਦਾਸਪੁਰ ਵਿੱਚ ਸਭ ਤੋਂ ਵੱਧ 1121 ਬਾਸਮਤੀ ਹੈ, ਜਿਸ ਦੀ ਕਟਾਈ 25 ਅਕਤੂਬਰ ਦੇ ਆਸ ਪਾਸ ਸ਼ੁਰੂ ਹੁੰਦੀ ਹੈ, ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਵਧੇਰੇ ਨੁਕਸਾਨ ਝੱਲਣਾ ਪਿਆ ਹੈ।
ਗੁਰਦਾਸਪੁਰ, ਡੇਰਾ ਬਾਬਾ ਨਾਨਕ, ਗੋਇੰਦਵਾਲ ਸਾਹਿਬ ਵਿੱਚ ਦੋ ਘੰਟੇ ਤੱਕ ਗੜੇਮਾਰੀ ਹੋਈ ਅਤੇ ਦੇਰ ਰਾਤ ਤੱਕ ਮੀਂਹ ਪਿਆ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ, ਲੁਧਿਆਣਾ, ਬਠਿੰਡਾ, ਸੰਗਰੂਰ ਸਮੇਤ ਹੋਰ ਇਲਾਕਿਆਂ ਵਿੱਚ ਦੇਰ ਰਾਤ ਮੀਂਹ ਪਿਆ। ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ ਵਿੱਚ ਵੀ ਭਾਰੀ ਮੀਂਹ ਕਾਰਨ ਪਰੇਸ਼ਾਨੀ ਹੋ ਰਹੀ ਹੈ।