ਚੰਡੀਗੜ੍ਹ : ਪੰਜਾਬ ਦੇ ਕੁਝ ਇਲਾਕਿਆਂ ‘ਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੁਹਾਲੀ, ਚੰਡੀਗੜ੍ਹ ਵਿੱਚ ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਰਕੇ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਮਟਕਾ ਚੌਂਕ, ਸੈਕਟਰ 17/18 ਦੀਆਂ ਲਾਈਟਾਂ, ਸੈਕਟਰ 20/21 ਦੀਆਂ ਲਾਈਟਾਂ ਅਤੇ ਪ੍ਰੈਸ ਲਾਈਟ ਪੁਆਇੰਟ (ਸੈਕਟਰ 8/9/18/17) ਉੱਤੇ ਪਾਣੀ ਕਾਫੀ ਜਮ੍ਹਾ ਹੋਇਆ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਮੀਂਹ ਦਾ ਦੌਰ ਜਾਰੀ ਰਹੇਗਾ। ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 4, 5 ਅਤੇ 6 ਅਗਸਤ ਨੂੰ ਹਰਿਆਣਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਆਮ ਵਾਂਗ ਹੋਣ ਦੀ ਉਡੀਕ ਕਰਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਡੈਮ ਦਾ ਪਾਣੀ ਰੋਜ਼ਾਨਾ ਔਸਤਨ 1 ਫੁੱਟ ਦੀ ਰਫ਼ਤਾਰ ਨਾਲ ਵੱਧ ਰਿਹਾ ਹੈ। ਇਹ ਸਪੱਸ਼ਟ ਹੈ ਕਿ ਡੈਮ ਫਲੱਡ ਗੇਟਾਂ ਨੂੰ ਖੋਲ੍ਹੇ ਬਿਨਾਂ ਵੱਧ ਤੋਂ ਵੱਧ ਦੋ ਹਫ਼ਤਿਆਂ ਤੱਕ ਚੱਲ ਸਕਦਾ ਹੈ। ਇਸ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਡੈਮ ਦੇ ਫਲੱਡ ਗੇਟ ਖੋਲ੍ਹਣੇ ਪੈਣਗੇ। ਡੈਮ ਦੇ ਅੱਜ ਪਾਣੀ ਦਾ ਪੱਧਰ 1664.52 ਫੁੱਟ ਤੱਕ ਪਹੁੰਚ ਗਿਆ।