ਪੰਜਾਬ ‘ਚ ਲਗਾਤਾਰ ਪੈ ਰਹੇ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ(Heavy rain in Punjab) ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ ਪੱਕਣ ਵੱਲ ਵਧ ਰਹੀਆਂ ਫਸਲਾਂ ਨੂੰ ਢੇਰੀ ਕਰ ਦਿੱਤਾ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਖੜ੍ਹੀ ਝੋਨੇ ਦੀ ਫਸਲ ਜ਼ਮੀਨ ਉੱਤੇ ਵਿਛ ਗਈ ਗਈ ਹੈ। ਜਿਸ ਨਾਲ ਝੋਨੇ ਦੇ ਝਾੜ ਵਿੱਚ ਘਟੇਗਾ ਤੇ ਫਸਲ ਦੀ ਕੁਆਲਿਟੀ ਵੀ ਘਟੇਗੀ ਇਸ ਨਾਲ ਜਿੱਥੇ ਖੇਤਾਂ ਵਿੱਚ ਤਿਆਰ ਖੜ੍ਹੀ ਫ਼ਸਲ ਦੀ ਵਾਢੀ ’ਚ ਦੇਰੀ ਹੋਵੇਗੀ, ਉੱਥੇ ਹੀ ਬਾਸਮਤੀ ਅਤੇ ਅਗੇਤੀ ਫ਼ਸਲ ਬੀਜਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਸੂ ਦੀ ਝੜੀ ਕਾਰਨ ਕਿਸਾਨ ਨਿਰਾਸ਼ ਹਨ।
ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਹੁਣ ਪਛੜਣ ਦਾ ਖ਼ਦਸ਼ਾ ਬਣ ਗਿਆ ਹੈ। ਨਮੀ ਵਧਣ ਕਰਕੇ ਮੰਡੀਆਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਬਾਰਸ਼ ‘ਆਪ’ ਸਰਕਾਰ ਦੀ ਝੋਨੇ ਦੀ ਫਸਲ ਦੀ ਪਹਿਲੀ ਖਰੀਦ ਲਈ ਚੁਣੌਤੀ ਬਣ ਸਕਦੀ ਹੈ। ਇਹ ਵੀ ਖ਼ਦਸ਼ਾ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਮੌਕੇ ਨਵੇਂ ਅੜਿੱਕੇ ਖੜ੍ਹੇ ਕਰ ਸਕਦੀ ਹੈ
ਸ਼ੁੱਕਰਵਾਰ ਤੋਂ ਸ਼ੁਰੂ ਹੋਏ ਮੀਂਹ ਨੇ ਸਮੁੱਚੇ ਸੂਬੇ ਨੂੰ ਜਲ-ਥਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ 27 ਅਤੇ 28 ਸਤੰਬਰ ਨੂੰ ਮੌਸਮ ਖੁਸ਼ਕ ਰਹਿ ਸਕਦਾ ਹੈ। ਉਸ ਦਾ ਅਨੁਮਾਨ ਹੈ ਕਿ ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਸੂਬੇ ਵਿਚ ਬੱਦਲਾਂ ਦੀ ਗਰਜ ਤੇ ਚਮਕ ਬਣੀ ਰਹੇਗੀ।
ਇਸੇ ਤਰ੍ਹਾਂ ਮਾਝੇ ਵਿਚ ਹਲਕੀ ਅਤੇ ਦੋਆਬੇ ਤੇ ਮਾਲਵੇ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਬੀਤੇ 24 ਘੰਟਿਆਂ ਵਿਚ ਅੰਮ੍ਰਿਤਸਰ ਵਿਚ 23.3 ਜਦੋਂ ਕਿ ਸੰਗਰੂਰ ਵਿਚ 26.4 ਐੱਮ ਐੱਮ ਮੀਂਹ ਪਿਆ ਹੈ। ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਪਠਾਨਕੋਟ ਸੁੱਕੇ ਰਹੇ ਹਨ। ਬਠਿੰਡਾ ਦਾ ਪਾਰਾ 21.2 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ।
ਬਾਰਸ਼ ਦਾ ਸਭ ਤੋਂ ਵੱਧ ਅਸਰ ਫਸਲਾਂ ’ਤੇ ਪਿਆ ਹੈ। ਨਰਮਾ ਪੱਟੀ ਵਿਚ ਨਰਮੇ-ਕਪਾਹ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦਾ ਖਤਰਾ ਵਧ ਗਿਆ ਹੈ। ਉਂਜ ਚਿੱਟਾ ਮੱਛਰ ਮੀਂਹ ਨੇ ਧੋ ਦਿੱਤਾ ਹੈ। ਖੇਤੀ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਨਮੀ ਫਸਲਾਂ ਲਈ ਬਿਮਾਰੀਆਂ ਦਾ ਘਰ ਹੈ ਅਤੇ ਅਜਿਹੇ ਮੌਸਮ ਵਿਚ ਸੁੰਡੀ ਦਾ ਖਤਰਾ ਵਧ ਜਾਂਦਾ ਹੈ ਜਿਨ੍ਹਾਂ ’ਤੇ ਕੋਈ ਕੀਟਨਾਸ਼ਕ ਵੀ ਅਸਰ ਨਹੀਂ ਕਰਦਾ। ਬਠਿੰਡਾ ਜ਼ਿਲ੍ਹੇ ਦੇ ਕਿਸਾਨ ਬਲਦੇਵ ਸਿੰਘ ਬਾਜਕ ਦਾ ਕਹਿਣਾ ਸੀ ਕਿ ਨਿਸਰ ਰਹੇ ਪਛੇਤੇ ਝੋਨੇ ਦਾ ਦਾਣਾ ਕਾਲਾ ਪੈ ਸਕਦਾ ਹੈ।
ਖੇਤੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲਾਂ ’ਤੇ ਅਸਰ ਪਵੇਗਾ। ਮੌਸਮ ਸਾਫ ਹੋ ਜਾਂਦਾ ਹੈ ਤਾਂ ਕਾਫੀ ਬਚਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਮੀ ਕਰਕੇ ਫੰਗਸ ਦਾ ਡਰ ਹੈ ਅਤੇ ਦਾਣੇ ਵੀ ਕਾਲੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਲੰਘੇ ਦਿਨ ਬਾਰਸ਼ ਘੱਟ ਹੋਈ ਹੈ ਪ੍ਰੰਤੂ ਅੱਜ ਦੀ ਬਾਰਸ਼ ਨੇ ਕਿਸਾਨਾਂ ਨੂੰ ਫਿਕਰਮੰਦ ਬਣਾ ਦਿੱਤਾ ਹੈ।