‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੀਤੀ ਰਾਤ ਕੋਈ ਸਾਢੇ 10 ਵਜੇ ਦੇ ਕਰੀਬ ਆਈ ਤੇਜ਼ ਹਨੇਰੀ ਤੇ ਝੱਖੜ ਨਾਲ ਚੰਡੀਗੜ੍ਹ, ਮੋਹਾਲੀ ਤੇ ਹਰਿਆਣਾ ਵਿੱਚ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਤੇਜ ਮੀਂਹ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਝੱਖੜ ਕਾਰਨ ਚੰਡੀਗੜ੍ਹ ਦੇ ਕਈ ਸੈਕਟਰਾਂ ਅਤੇ ਮੋਹਾਲੀ ਦੇ ਇਲਾਕੇ ਵਿੱਚ ਦਰਖਤ ਪੁੱਟੇ ਗਏ ਹਨ। ਇਸ ਕਾਰਨ ਸੜਕਾਂ ‘ਤੇ ਆਵਾਜਾਹੀ ਵੀ ਪ੍ਰਭਾਵਿਤ ਹੋਈ ਹੈ ਤੇ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ।
ਇੱਕਾ-ਦੁੱਕਾ ਥਾਵਾਂ ਨੂੰ ਛੱਡ ਤਕਰੀਬਨ ਸਾਰੇ ਹੀ ਸੈਕਟਰਾਂ ਵਿੱਚ ਖਾਸ ਕਰਕੇ ਦਰਖਤਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆਂ ਹੈ। ਹਾਲਾਂਕਿ ਕਿਸੇ ਵੱਡੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।



ਜ਼ਿਕਰਯੋਗ ਹੈ ਕਿ ਅੰਬਾਂ ਦੇ ਇਸ ਮੌਸਮ ਵਿੱਚ ਕੱਚੇ ਅੰਬਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਬਹੁਤ ਸਾਰੇ ਆਮ ਵਰਗ ਦੇ ਲੋਕ ਠੇਕੇ ‘ਤੇ ਅੰਬਾਂ ਦੇ ਬੂਟੇ ਲੈ ਕੇ ਰੁਜ਼ਗਾਰ ਕਰਦੇ ਹਨ। ਅਜਿਹੇ ਵਿੱਚ ਅੰਬ ਝੜ ਕੇ ਖਰਾਬ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਸਹਿਣਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਵਿੱਚ ਵੀ ਤੇਜ ਮੀਂਹ ਤੇ ਝੱਖੜ ਨਾਲ ਨੁਕਸਾਨ ਦੇ ਸਮਾਚਾਰ ਮਿਲੇ ਹਨ।





