India

MP-ਰਾਜਸਥਾਨ ਸਮੇਤ 17 ਸੂਬਿਆਂ ‘ਚ ਭਾਰੀ ਮੀਂਹ

ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਗੰਭੀਰ ਸਥਿਤੀ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ਨੀਵਾਰ, 27 ਜੁਲਾਈ ਨੂੰ 17 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ 8 ਜ਼ਿਲ੍ਹਿਆਂ ਪੁਣੇ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਸਤਾਰਾ, ਚੰਦਰਪੁਰ, ਗੋਂਦੀਆ ਅਤੇ ਗੜ੍ਹਚਿਰੌਲੀ ਵਿੱਚ ਸ਼ਨੀਵਾਰ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।

ਨਵੀਂ ਮੁੰਬਈ, ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵਿੱਚ ਤਿੰਨ ਲੋਕ ਮਲਬੇ ਹੇਠ ਦੱਬ ਗਏ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੋ ਲੋਕਾਂ ਦਾ ਬਚਾਅ ਹੋ ਗਿਆ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਮੌਜੂਦ ਹੈ। ਘਟਨਾ ਸ਼ਨੀਵਾਰ ਸਵੇਰੇ 4.30 ਵਜੇ ਦੀ ਹੈ।

ਇੱਥੇ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਹਨ। 2700 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 2200 ਲੋਕ ਨਵਸਾਰੀ ਅਤੇ 500 ਲੋਕ ਤਾਪੀ ਜ਼ਿਲ੍ਹੇ ਦੇ ਹਨ।

ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਯਮੁਨੋਤਰੀ ਧਾਮ ਦੇ ਦੋਵੇਂ ਗਰਮ ਤਾਲਾਬ ਮਲਬੇ ਨਾਲ ਭਰ ਗਏ ਹਨ। ਮੰਦਿਰ ਦਾ ਦਫ਼ਤਰ ਅਤੇ ਰਸੋਈ ਤਬਾਹ ਹੋ ਗਈ ਹੈ, ਮੰਦਿਰ ਵੱਲ ਜਾਣ ਵਾਲਾ ਫੁੱਟ ਪੁਲ ਵੀ ਰੁੜ੍ਹ ਗਿਆ ਹੈ।

ਯਮੁਨੋਤਰੀ ਮੰਦਰ ਨੂੰ ਵੀ ਭਾਰੀ ਮਲਬੇ ਅਤੇ ਪੱਥਰਾਂ ਨਾਲ ਨੁਕਸਾਨ ਪਹੁੰਚਿਆ ਹੈ। ਜਾਨਕੀਚੱਟੀ-ਯਮੁਨੋਤਰੀ ਪੈਦਲ ਮਾਰਗ ‘ਤੇ ਰਾਮ ਮੰਦਰ ਨੇੜੇ ਸਥਿਤ ਰਜਿਸਟ੍ਰੇਸ਼ਨ ਕੇਂਦਰ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ।

ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚੋਂ ਲੰਘਣ ਵਾਲੀ ਪੂਰਨਾ ਨਦੀ ਖ਼ਤਰੇ ਦੇ ਨਿਸ਼ਾਨ (23 ਫੁੱਟ) ਤੋਂ 5 ਫੁੱਟ ਉੱਪਰ ਵਹਿ ਰਹੀ ਹੈ। ਇਸ ਕਾਰਨ ਸ਼ਹਿਰ ਦਾ 30 ਫੀਸਦੀ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ।

ਉੱਤਰਾਖੰਡ ‘ਚ ਭਾਰੀ ਮੀਂਹ ਦਾ ਅਲਰਟ, ਸਕੂਲ ਬੰਦ

ਮੌਸਮ ਵਿਭਾਗ ਨੇ 27 ਜੁਲਾਈ ਨੂੰ ਦੇਹਰਾਦੂਨ ਜ਼ਿਲੇ ‘ਚ ਭਾਰੀ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਹਿਲੀ ਤੋਂ 12ਵੀਂ ਜਮਾਤ ਅਤੇ ਆਂਗਣਵਾੜੀ ਕੇਂਦਰਾਂ ਲਈ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਯਮੁਨਾ ‘ਚ 26 ਜੁਲਾਈ ਦੀ ਰਾਤ ਨੂੰ ਆਏ ਹੜ੍ਹ ਤੋਂ ਬਾਅਦ ਯਮੁਨੋਤਰੀ ਧਾਮ ਦੀ ਹਾਲਤ ਵਿਗੜ ਗਈ ਹੈ। ਮੰਦਰ, ਪਾਰਕਿੰਗ ਅਤੇ ਰਸੋਈ ਵਰਗੀਆਂ ਥਾਵਾਂ ਨੂੰ ਵੱਡੇ-ਵੱਡੇ ਪੱਥਰਾਂ ਨਾਲ ਨੁਕਸਾਨ ਪਹੁੰਚਿਆ ਹੈ।

ਕਿੱਥੇ ਬਹੁਤ ਭਾਰੀ ਅਤੇ ਕਿੱਥੇ ਭਾਰੀ ਮੀਂਹ ਦਾ ਅਲਰਟ

  1. ਬਹੁਤ ਭਾਰੀ ਮੀਂਹ (8 ਰਾਜ): ਗੋਆ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰਾਖੰਡ, ਰਾਜਸਥਾਨ, ਕਰਨਾਟਕ।
  2. ਭਾਰੀ ਮੀਂਹ (9 ਰਾਜ): ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤਾਮਿਲਨਾਡੂ, ਕੇਰਲ, ਉੜੀਸਾ, ਝਾਰਖੰਡ, ਪੱਛਮੀ ਬੰਗਾਲ।