‘ਦ ਖ਼ਾਲਸ ਬਿਊਰੋ :- ਪੰਜਾਬ ‘ਚ 19 ਜੁਲਾਈ ਤੋਂ ਸ਼ੁਰੂ ਹੋਏ ਮੀਂਹ ਦੇ ਲਗਾਤਾਰ ਜੋਰ ਨੇ ਸੂਬੇ ‘ਚ ਬਾੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। 20 ਜੁਲਾਈ ਨੂੰ ਯਾਨਿ ਕਿ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਜਿੱਥੇ ਪੰਜਾਬ ਦੇ ਹਰ ਸ਼ਹਿਰ ‘ਚ ਪਾਣੀ-ਪਾਣੀ ਕਰਾ ਛੱਡਿਆ ਹੈ ਉੱਥੇ ਹੀ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਮਾਨਸਾ ਸ਼ਹਿਰ ਦੇ ਹਰ ਹਿੱਸੇ ਸਮੇਤ ਇਥੋਂ ਦੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਦੇ ਘਰ ਦੀ ਬਾਹਰਲੀ ਕੰਧ ਨੂੰ ਤੋੜਕੇ ਪਾਣੀ ਘਰ ਦੇ ਅੰਦਰ ਵੜ ਗਿਆ ਹੈ। ਇਸੇ ਤਰ੍ਹਾਂ ਅੱਜ ਸਵੇਰੇ ਮੀਂਹ ਨੇ ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਜ਼ਿਲ੍ਹਾ ਕਚਹਿਰੀਆਂ ਨੂੰ ਜਾਂਦੀ VIP ਸੜਕ ‘ਤੇ ਭਾਰੀ ਮਾਤਰਾ ‘ਚ ਪਾਣੀ ਖੜ੍ਹਾ ਦਿੱਤਾ ਹੈ, ਜਿਸ ਕਾਰਨ ਲੰਘਣਾਂ ਟੱਪਣਾ ਬਹੁਤ ਔਖਾ ਹੋ ਗਿਆ ਹੈ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ‘ਚ ਭਾਰੀ ਮੀਂਹ ਦੀ ਪੈਣ ਦੀ ਚਿਦਾਵਨੀ ਦੇ ਦਿੱਤੀ ਗਈ ਸੀ ਤੇ ਹੁਣ ਹੋਰ ਮੀਂਹ ਪੈਣ ਨਾਲ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਸ਼ਹਿਰ ‘ਚ ਭਾਰੀ ਮੀਂਹ ਪੈਣ ਨਾਲ ਮੁੱਖ ਬਜ਼ਾਰ ਨਹੀਂ ਖੁੱਲ ਸਕੇ, ਬੱਸ ਅੱਡੇ ‘ਚ ਪਾਣੀ ਭਰ ਗਿਆ ਹੈ ਅਤੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਡਿਊਟੀ ‘ਤੇ ਜਾਣ ਦੀ ਵੱਡੀ ਦਿੱਕਤ ਆਈ। ਮੀਂਹ ਪੈਣ ਨਾਲ ਕਈ ਥਾਂਈ ਬਿਜਲੀ ਦੇ ਟਰਾਂਸਮੀਟਰਾਂ ਦੇ ਪਟਾਕੇ ਪੈ ਗਏ ਜਿਸ ਨਾਲ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਵੱਡੀ ਸੱਮਸਿਆ ਖੜ੍ਹੀ ਹੋ ਗਈ ਹੈ। ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਦਫ਼ਤਰ ‘ਚ ਭਾਰੀ ਪਾਣੀ ਜਾ ਵੜਿਆ ਤੇ ਬੈਠਣ ਖੜਨ ਲਈ ਥਾਂ ਨਹੀਂ ਬਚੀ।
ਸਿਰਸਾ : ਕੁੱਝ ਅਜੀਹਾ ਹੀ ਮਾਹੌਲ ਸੀਰਸਾ ਵਿਖੇ ਵੀ ਵੇਖਣ ਨੂੰ ਮਿਲਿਆ। ਸਾਵਣ ਦੀ ਝੜੀ ਲਗਾਤਰ ਜਾਰੀ ਰਹਿਣ ਕਾਰਨ ਸ਼ਹਿਰ ਦੀਆਂ ਨੀਵੀਆਂ ਕਲੋਨੀਆਂ ’ਚ ਪਾਣੀ ਭਰ ਗਿਆ ਹੈ, ਇਸ ਦੇ ਨਾਲ ਹੀ ਨਰਮੇ ਤੇ ਸਬਜ਼ੀਆਂ ਦੀ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ, ਜਦੋਂਕਿ ਝੋਨੇ ਦੀ ਫ਼ਸਲ ਲਈ ਮੀਂਹ ਕਾਫੀ ਫਾਇਦੇਮੰਦ ਹੈ। ਪਾਣੀ ਦੀ ਨਿਕਾਸੀ ਦੇ ਕੀਤੇ ਜਾਂਦੇ ਪ੍ਰਸ਼ਾਸਨਿਕ ਦਾਅਵਿਆਂ ਦੀ ਸਾਵਣ ਦੀ ਪਹਿਲੀ ਝੜੀ ਨੇ ਹੀ ਪੋਲ ਖੋਲ੍ਹ ਦਿੱਤੀ ਹੈ। ਸੜਕਾਂ ਪਾਣੀ ਨਾਲ ਭਰ ਗਈਆਂ। ਬਾਜ਼ਾਰ ਜਿੱਥੇ ਪਾਣੀ ਨਾਲ ਭਰੇ ਹੋਏ ਹਨ, ਉੱਥੇ ਹੀ ਕਈ ਦੁਕਾਨਾਂ ਦੇ ਅੰਦਰ ਪਾਣੀ ਦਾਖ਼ਲ ਹੋ ਗਿਆ।
ਲਹਿਰਾਗਾਗਾ : ਸ਼ਹਿਰ ਦੇ ਅੱਧੇ ਵਾਰਡਾਂ ਨੂੰ ਆਪਸ ‘ਚ ਜੋੜਦੇ ਇੱਕਲੌਤੇ ਰੇਲਵੇ ਜਮੀਨਦੋਜ਼ ਪੁਲ ’ਚ 12 ਫੁੱਟ ਪਾਣੀ ਭਰਨ ਤੇ ਪੁਰਾਣੀ ਗਊਸ਼ਾਲਾ ਰੋਡ, SDM ਦਫਤਰ, ਮੁੱਖ ਬਾਜ਼ਾਰ ਤੇ ਹੋਰ ਨੀਵੇਂ ਇਲਾਕਿਆਂ ਸਮੇਤ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਭਰ ਗਿਆ ਹੈ। ਮੀਂਹ ਦੇ ਇਸ ਤੇਜ ਕਹਿਰ ਨੇ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਟੋਇਆਂ ’ਚ ਕਈ ਵਾਹਨ ਧੱਸਣ ਕਾਰਨ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ। ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ ਨੇ ਦੱਸਿਆ ਕਿ ਜ਼ਮੀਨਦੋਜ਼ ਪੁਲ ’ਚੋਂ ਪਾਣੀ ਕੱਢਣ ਲਈ ਤਿੰਨ ਵੱਡੇ ਨਿਕਾਸੀ ਪੰਪ, ਟਰੈਕਟਰ ਤੇ ਸੜਕਾਂ ਦੀ ਸਫਾਈ ਤੇ ਪਾਣੀ ਕੱਢਣ ਲਈ JCB ਮਸ਼ੀਨਾਂ ਲਗਾਈਆਂ ਗਈਆ ਹਨ।