ਅੰਮ੍ਰਿਤਸਰ: ਅੱਜ ਕਿਸਾਨ ਅੰਮ੍ਰਿਤਸਰ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇੱਕ ਪਾਸੇ ਜਿੱਥੇ ਮੀਂਹ ਦਾ ਕਹਿਰ ਜਾਰੀ ਹੈ ਉੱਥੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਨੇੜਲੇ ਪਿੰਡਾਂ ਤੋਂ ਟਰਾਲੀਆਂ ਵਿੱਚ ਬੈਠ ਕੇ ਧਰਨਾ ਸਥਾਨ ’ਤੇ ਪਹੁੰਚ ਰਹੇ ਹਨ। ਇੱਥੋਂ ਤੱਕ ਕਿ ਬੀਬੀਆਂ ਮੀਂਹ ਵਿੱਚ ਵੀ ਜ਼ਮੀਨ ’ਤੇ ਬੈਠੀਆਂ ਹੋਈਆਂ ਹਨ। ਵਰ੍ਹਦੇ ਮੀਂਹ ਵਿੱਚ ਵੀ ਕਿਸਾਨ ਬੀਬੀਆਂ ਦਾ ਜੋਸ਼ ਦੇਖਦਿਆਂ ਬਣਦਾ ਹੈ।
ਦੱਸ ਦੇਈਏ ਪੰਜਾਬ ਬਿਜਲੀ ਬੋਰਡ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅੱਜ 14 ਜੁਲਾਈ ਅੰਮ੍ਰਿਤਸਰ ਦੇ ਪੰਜਾਬ ਵਿੱਚ ਐਕਸੀਅਨ ਐਸ ਈ ਚੀਫ਼ ਇੰਜੀਨੀਅਰ ਪਾਵਰਕਾਮ ਬਾਡਰਜ਼ੋਨ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਮੀਂਹ ਪੈਣ ਨਾਲ ਜ਼ਮੀਨ ਗਿੱਲੀ ਹੋਣ ਕਰਕੇ ਇਸਦੀ ਥਾਂ ਬਦਲ ਦਿੱਤੀ ਗਈ ਹੈ। ਹੁਣ ਦੁਸਹਿਰਾ ਗਰਾਊਂਡ ਰਣਜੀਤ ਐਵਿਨਿਊ (ਹਰਤੇਜ ਹਸਪਤਾਲ ਦੇ ਨਾਲ) ਧਰਨਾ ਲਾਇਆ ਗਿਆ ਹੈ।
ਇਸ ਸਬੰਧੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਵੀਡੀਓ ਬਿਆਨ ਜਾਰੀ ਕਰਕੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਜਗ੍ਹਾ ਉੱਤੇ ਕਿਸਾਨਾਂ ਦੇ ਬੈਠਣ ਅਤੇ ਟਰਾਲ਼ੀਆਂ ਖੜੀਆਂ ਕਰਨ ਵਾਸਤੇ ਵੀ ਵਾਧੂ ਥਾਂ ਹੈ।
ਦੱਸ ਦੇਈਏ ਕਿਸਾਨ ਪੰਜਾਬ ਅਤੇ ਕੇਂਦਰ ਸਰਕਾਰ ਦੇ ਪਾਵਰਕੌਮ ਮਹਿਕਮਾ ਨਿੱਜੀ ਹੱਥਾਂ ਵਿੱਚ ਦੇਣ ਦੇ ਫੈਸਲੇ ਦੇ ਵਿਰੋਧ ਵਿੱਚ ਵੱਡਾ ਇਕੱਠ ਕਰਕੇ ਵਿਰੋਧ ਜਤਾ ਰਹੇ ਹਨ। ਇਸ ਦੇ ਨਾਲ ਹੀ ਇਸ ਮਹਿਕਮੇ ਵਿੱਚ ਨਵੀਆਂ ਅਸਾਮੀਆਂ ਜਾਰੀ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਬਿਜਲੀ ਖਪਤਕਾਰਾਂ ਦੇ ਖ਼ਿਲਾਫ਼ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਉਣ ਦੇ ਸਬੰਧ ਵਿੱਚ ਵੀ ਵਿਰੋਧ ਕੀਤਾ ਜਾ ਰਿਹਾ ਹੈ।