ਬਿਉਰੋ ਰਿਪੋਰਟ – ਚੋਣ ਪ੍ਰਚਾਰ ਲਈ ਨਿਕਲੇ ਮੁੱਖ ਮੰਤਰੀ ਭਗਵੰਤ ਮਾਨ ਵਾਢੀ ਦੇ ਦਿਨਾਂ ਅੰਦਰ ਪੰਜਾਬ ਵਿੱਚ ਅੱਜ ਹੋਏ ਤੇਜ਼ ਮੀਂਹ, ਤੂਫ਼ਾਨ ਤੇ ਗੜੇਮਾਰੀ ਚੱਲ ਨੂੰ ਵੇਖ ਆਪ ਵੀ ਚਿੰਤਾ ਵਿੱਚ ਨਜ਼ਰ ਆਏ । ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਫੌਰਨ ਹਾਈ ਲੈਵਲ ਮੀਟਿੰਗ ਬੁਲਾਈ ਹੈ। ਮੁੱਖ ਮੰਤਰੀ ਸ੍ਰੀ ਫਤਿਹਗੜ੍ਹ ਸਾਹਿਬ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਤੇਜ਼ ਹਵਾਵਾਂ ਅਤੇ ਮੀਂਹ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਟੈਂਟ ਵੀ ਫਟ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਫੌਰਨ ਰਾਜਪੁਰਾ ਵਿੱਚ ਹੋਣ ਵਾਲਾ ਆਪਣਾ ਰੋਡ ਸ਼ੋਅ ਰੱਦ ਕੀਤਾ ਅਤੇ ਚੰਡੀਗੜ੍ਹ ਵਿੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨਿਕਲਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਂਹ ਸਾਡੇ ਕਿਸਾਨਾਂ ਲਈ ਚੰਗਾ ਨਹੀਂ ਹੈ। ਮੈਂ ਯਕੀਨ ਦਿਵਾਉਂਦਾ ਹਾਂ ਕਿ ਤੁਹਾਡਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਵੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਫ਼ਸਲਾਂ ਸਬੰਧੀ ਚਿੰਤਾ ਨਾ ਕਰਨ।
ਉਨ੍ਹਾਂ ਲਿਖਿਆ ਹੈ- “ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ….ਬਤੌਰ ਮੁੱਖ ਮੰਤਰੀ ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦਾ ਨੁਕਸਾਨ ਪੂਰਾ ਕਰੂੰਗਾ… ਭਾਵੇਂ ਮੀਂਹ, ਝੱਖੜ, ਹਨ੍ਹੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ… ਮੈਂ ਹਰ ਔਖੀ ਘੜੀ ਵਿੱਚ ਤੁਹਾਡੇ ਨਾਲ਼ ਖੜ੍ਹਾ ਹਾਂ…”
ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ….ਬਤੌਰ ਮੁੱਖ ਮੰਤਰੀ ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦਾ ਨੁਕਸਾਨ ਪੂਰਾ ਕਰੂੰਗਾ… ਭਾਵੇਂ ਮੀਂਹ, ਝੱਖੜ, ਹਨ੍ਹੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ… ਮੈਂ ਹਰ ਔਖੀ ਘੜੀ ਵਿੱਚ ਤੁਹਾਡੇ ਨਾਲ਼ ਖੜ੍ਹਾ ਹਾਂ… pic.twitter.com/wKJH1BGrGt
— Bhagwant Mann (@BhagwantMann) April 19, 2024