Punjab

ਬਠਿੰਡਾ ‘ਚ ਮੀਂਹ ਕਾਰਨ ਕਣਕ ਦਾ ਭਾਰੀ ਨੁਕਸਾਨ, ਕਿਸਾਨ ਪ੍ਰੇਸ਼ਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਸੇ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਦੇ ਬਾਰਡਰਾਂ ‘ਤੇ ਦਿਨ-ਰਾਤ ਡਟੇ ਹੋਏ ਹਨ, ਉੱਥੇ ਹੀ ਮੌਸਮ ਦੀ ਭਾਰੀ ਮਾਰ ਵੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਪਿਛਲੇ ਦਿਨਾਂ ਤੋਂ ਚੱਲ ਰਹੀਆਂ ਹਵਾਵਾਂ ਅਤੇ ਮੀਂਹ ਕਾਰਨ ਕਿਸਾਨਾਂ ਦੀ ਪੱਕ ਰਹੀ ਫਸਲ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਬਠਿੰਡਾ ਵਿੱਚ ਦੇਰ ਰਾਤ ਪਏ ਮੀਂਹ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਵੇਖਣ ਨੂੰ ਮਿਲਿਆ। ਬੇਮੌਸਮੀ ਮੀਂਹ ਨੇ ਸਾਰੀ ਦੀ ਸਾਰੀ ਕਣਕ ਜ਼ਮੀਨ ‘ਤੇ ਵਿਛਾ ਦਿੱਤੀ ਹੈ, ਜਿਸ ਦੇ ਨਾਲ ਜਿੱਥੇ ਕਣਕ ਦੇ ਝਾੜ ਵਿੱਚ ਕਾਫੀ ਵੱਡਾ ਅਸਰ ਪਵੇਗਾ, ਉੱਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਈਨ ਨੂੰ ਵੱਧ ਪੈਸੇ ਦੇਣੇ ਪੈਣਗੇ।

ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੇ ਪਹਿਲਾਂ ਹੀ ਮਾੜੇ ਦਿਨ ਚੱਲ ਰਹੇ ਹਨ ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜ਼ਿਆਦਾਤਰ ਕਿਸਾਨ ਦਿੱਲੀ ਦੇ ਮੋਰਚੇ ਉੱਤੇ ਬੈਠੇ ਹਨ, ਪਰ ਫਸਲ ਪੱਕਣ ਕਾਰਨ ਅਸੀਂ ਕੁੱਝ ਲੋਕ ਆਪਣੀਆਂ-ਆਪਣੀਆਂ ਫ਼ਸਲਾਂ ਦੀ ਕਟਾਈ ਲਈ ਪਿੰਡਾਂ ਨੂੰ ਵਾਪਸ ਆਏ ਹਾਂ।

ਦੇਰ ਰਾਤ ਪਏ ਮੀਂਹ ਨੇ ਸਾਡੀਆਂ ਆਸਾਂ ਅਤੇ ਉਮੀਦਾਂ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਹੁਣ ਡਿੱਗੀ ਹੋਈ ਕਣਕ ਦਾ ਜਿੱਥੇ ਝਾੜ ਘਟੇਗਾ, ਉੱਥੇ ਹੀ ਮਹਿੰਗੀ ਲੇਬਰ ਲਾ ਕੇ ਇਸ ਨੂੰ ਵੱਢਣਾ ਵੀ ਮੁਸ਼ਕਲ ਹੋ ਜਾਵੇਗਾ। ਹੁਣ ਅਸੀਂ ਪੰਜਾਬ ਸਰਕਾਰ ਤੋਂ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਮੁਆਵਜ਼ੇ ਦੀ ਮੰਗ ਕਰਦੇ ਹਾਂ। ਜੇ ਪਿੰਡ ਬੱਲੂਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੀ ਕਾਫ਼ੀ ਵੱਡਾ ਰਕਬਾ ਕਣਕ ਦਾ ਬਾਰਸ਼ ਨਾਲ ਪ੍ਰਭਾਵਿਤ ਹੋਇਆ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਦਾ ਕਹਿਣਾ ਹੈ ਕਿ ਦੇਰ ਸ਼ਾਮ ਪਏ ਹਲਕੇ ਮੀਂਹ ਨੇ ਉਨ੍ਹਾਂ ਦੀ ਕਣਕਾਂ ਦਾ ਨੁਕਸਾਨ ਕੀਤਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਪਾਣੀ ਲੱਗਿਆ ਹੋਇਆ ਸੀ, ਜਿਸ ਕਾਰਨ ਉਹ ਜ਼ਮੀਨ ਉੱਤੇ ਡਿੱਗ ਪਈਆਂ ਹਨ। ਜੇ ਕਣਕ ਦੀ ਫ਼ਸਲ ਡਿੱਗਦੀ ਹੈ ਤਾਂ ਉਸ ਦੇ ਝਾੜ ਉੱਤੇ ਵੀ ਅਸਰ ਪੈਂਦਾ ਹੈ।