ਪੰਜਾਬ ਵਿੱਚ ਲੁਧਿਆਣਾ-ਫਿਰੋਜ਼ਪੁਰ ਮੁੱਖ ਸੜਕ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 12 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਸਵਾਰੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਛੋਟੇ ਬੱਚੇ ਅਤੇ ਔਰਤਾਂ ਸਮੇਤ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਬੁੱਧਵਾਰ ਦੇਰ ਰਾਤ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਗਹੋੜ ਨੇੜੇ ਵਾਪਰੀ। ਚਸ਼ਮਦੀਦਾਂ ਮੁਤਾਬਕ ਬੱਸ ਲੁਧਿਆਣਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਉਦੋਂ ਮੁੱਲਾਂਪੁਰ ਪਿੰਡ ਤੋਂ ਇੱਕ ਟਰੈਕਟਰ-ਟਰਾਲੀ ਗਲਤ ਸਾਈਡ ਤੋਂ ਆ ਗਈ। ਇਸ ਤੋਂ ਪਹਿਲਾਂ ਕਿ ਬੱਸ ਡਰਾਈਵਰ ਆਪਣੇ ਆਪ ‘ਤੇ ਕਾਬੂ ਪਾਉਂਦਾ, ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਰੌਲਾ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ।
ਇਸ ਦੌਰਾਨ ਸੜਕ ਉਤੇ ਕਾਫੀ ਦੇਰ ਤੱਕ ਜਾਮ ਵੀ ਲੱਗ ਰਿਹਾ। ਪੁਲਿਸ ਨੇ ਦੱਸਿਆ ਹੈ ਕਿ ਗਲਤੀ ਟਰੈਕਟਰ ਟਰਾਲੀ ਵਾਲੇ ਦੀ ਲੱਗ ਰਹੀ ਹੈ। ਉਹ ਗਲਤ ਸਾਈਡ ਤੋਂ ਆ ਰਿਹਾ ਸੀ ਅਤੇ ਇਸ ਕਰਕੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਏਐਸਆਈ ਹਮੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਟਰੈਕਟਰ-ਟਰਾਲੀ ‘ਤੇ ਦੋ ਵਿਅਕਤੀ ਸਵਾਰ ਸਨ। ਦੋਵੇਂ ਗੰਭੀਰ ਜ਼ਖਮੀ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਬੱਸ ਵਿੱਚ ਸਾਈਡ ’ਤੇ ਬੈਠੀਆਂ ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਟਰੈਕਟਰ ਦੇ ਪਰਖੱਚੇ ਉੱਡ ਗਏ। ਉਨ੍ਹਾ ਕਿਹਾ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ