India Punjab

ਬਿਹਾਰ ’ਚ ਗਰਮੀ ਨਾਲ 80 ਬੱਚੇ ਬੇਹੋਸ਼! ਰਾਜਸਥਾਨ ’ਚ 55 ਲੋਕਾਂ ਦੀ ਮੌਤ, ਪੰਜਾਬ ਸਣੇ ਕਈ ਸੂਬਿਆਂ ’ਚ ‘ਰੈਡ ਅਲਰਟ’

ਅੱਜ ਨੌਤਪਾ ਦਾ ਪੰਜਵਾਂ ਦਿਨ ਹੈ। ਬਿਹਾਰ ਵਿੱਚ ਵੀ ਪਾਰਾ 48 ਡਿਗਰੀ ਦੇ ਨੇੜੇ ਹੈ। ਅੱਜ ਬਿਹਾਰ ਦੇ 8 ਜ਼ਿਲ੍ਹਿਆਂ ਵਿੱਚ 80 ਬੱਚੇ ਗਰਮੀ ਕਾਰਨ ਬੇਹੋਸ਼ ਹੋ ਗਏ। ਅਜੇ ਸੂਬੇ ਵਿੱਚ ਅਗਲੇ ਦੋ ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਰਾਜਸਥਾਨ ਵਿੱਚ 23 ਤੋਂ 29 ਮਈ ਤੱਕ ਗਰਮੀ ਕਾਰਨ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦਾ ਚੁਰੂ ਮੰਗਲਵਾਰ ਨੂੰ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇੱਥੇ ਤਾਪਮਾਨ 50.5 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਬੁੱਧਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

ਉੱਧਰ ਦਿੱਲੀ ਵਿੱਚ ਪਾਣੀ ਦੀ ਕਿੱਲਤ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਪਾਈਪਾਂ ਨਾਲ ਕਾਰਾਂ ਧੋਣ ਵਾਲਿਆਂ ’ਤੇ 2,000 ਰੁਪਏ ਦਾ ਜ਼ੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। 200 ਲੋਕਾਂ ਦੀ ਟੀਮ ਪਾਣੀ ਦੀ ਬਰਬਾਦੀ ਦੀ ਨਿਗਰਾਨੀ ਕਰੇਗੀ।

ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਕਿਹਾ ਕਿ ਮਾਨਸੂਨ ਅਗਲੇ 24 ਘੰਟਿਆਂ ’ਚ ਕੇਰਲ ਦੇ ਤੱਟ ’ਤੇ ਪਹੁੰਚ ਸਕਦਾ ਹੈ। ਇਹ ਅਗਲੇ ਇੱਕ ਹਫ਼ਤੇ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ। ਇਸ ਨਾਲ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਮ ਦੀ ਆਸ ਬੱਝੀ ਹੈ।

ਦੂਜੇ ਪਾਸੇ, ਰੇਮਲ ਤੂਫਾਨ ਦੇ ਕਾਰਨ, ਸਾਰੇ ਉੱਤਰ-ਪੂਰਬੀ ਸੂਬਿਆਂ- ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ 29 ਮਈ ਤੋਂ 1 ਜੂਨ ਦਰਮਿਆਨ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ – ਸਵੀਮਿੰਗ ਪੂਲ ‘ਚ ਨਹਾਉਣਾ ਬੱਚੇ ਨੂੰ ਪਿਆ ਮਹਿੰਗਾ, ਵਾਪਰਿਆ ਵੱਡਾ ਹਾਦਸਾ