Punjab

ਪੰਜਾਬ ਵਿੱਚ ਹੀਟ ਵੇਵ ਅਲਰਟ, 40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ

ਪੰਜਾਬ ਵਿੱਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 13 ਸ਼ਹਿਰਾਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ।

ਬਠਿੰਡਾ 46.9 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਹਾਲਾਂਕਿ, ਪੱਛਮੀ ਗੜਬੜੀ ਦੇ 19 ਅਤੇ 21 ਜੂਨ ਦੇ ਵਿਚਕਾਰ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਬੂੰਦਾ-ਬਾਂਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖਪਤ 43 ਫੀਸਦੀ ਵਧੀ ਹੈ। ਪਿਛਲੇ ਸਾਲ ਜੂਨ ਵਿੱਚ ਬਿਜਲੀ ਦੀ ਮੰਗ 11309 ਮੈਗਾਵਾਟ ਸੀ, ਜੋ ਵਧ ਕੇ 15775 ਮੈਗਾਵਾਟ ਹੋ ਗਈ ਹੈ।

ਜ਼ਿਲ੍ਹਿਆਂ ਦਾ ਤਾਪਮਾਨ ਇਸ ਤਰ੍ਹਾਂ ਰਿਹਾ

ਮੌਸਮ ਵਿਭਾਗ ਮੁਤਾਬਕ 24 ਘੰਟਿਆਂ ‘ਚ ਤਾਪਮਾਨ ‘ਚ -0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 6.8 ਡਿਗਰੀ ਜ਼ਿਆਦਾ ਹੈ। 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8, ਲੁਧਿਆਣਾ 44.6, ਪਟਿਆਲਾ 45.4, ਪਠਾਨਕੋਟ 45.8, ਬਠਿੰਡਾ 45.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਗੁਰਦਾਸਪੁਰ ਵਿੱਚ 45.0, ਏਬੀਐਸ ਨਗਰ 43.3, ਫਰੀਦਕੋਟ 46.0, ਫਤਿਹਗੜ੍ਹ ਸਾਹਿਬ 43.9, ਫ਼ਿਰੋਜ਼ਪੁਰ 44.3, ਜਲੰਧਰ 43.3, ਲੁਧਿਆਣਾ 46.5, ਮੋਗਾ 44.1, ਮੁਹਾਲੀ 43.8 ਅਤੇ ਰੋਪੜ ਵਿੱਚ 43.5 ਡਿਗਰੀ ਰਿਹਾ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਅਤੇ ਤੇਜ਼ ਹਵਾਵਾਂ ਚੱਲਣਗੀਆਂ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਲਈ ਹੀਟ ਵੇਵ ਅਤੇ ਗਰਮੀ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ ਪਟਿਆਲਾ ਮੋਹਾਲੀ ਅਤੇ ਮਾਲੇਕੋਟਲਾ ਲਈ ਯੈਲੋ ਅਲਰਟ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਤੱਕ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਜਦੋਂ ਕਿ ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਤੇਜ਼ ਗਰਮੀ ਦੇ ਹਾਲਾਤ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ – ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੇ ਖੁਦ ਨੂੰ ਬੇਕਸੂਰ ਦੱਸਿਆ