‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡ ਰੱਗ ਕੇਸ ਵਿੱਚ ਫਰਵਰੀ ਤੋਂ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਉੱਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ। ਹਾਈਕੋਰਟ ਦੇ ਡਬਲ ਬੈਂਚ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਕਰੀਬ 4 ਘੰਟੇ ਦੀ ਭਖਵੀਂ ਬਹਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ ਅਗਲੀ ਤਰੀਕ ਤੱਕ ਸੁਰੱਖਿਅਤ ਰੱਖ ਲਿਆ ਹੈ। ਸੋਮਵਾਰ ਨੂੰ ਦੋਵੇਂ ਧਿਰਾਂ ਨੂੰ ਹਾਈਕੋਰਟ ਵਿੱਚ ਕੁਝ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਅੱਜ ਸੁਣਵਾਈ ਮੌਕੇ ਮਜੀਠੀਆ ਦੀ ਪਤਨੀ ਵੀ ਅਦਾਲਤ ਵਿੱਚ ਹਾਜ਼ਰ ਸੀ।
ਇਸ ਤੋਂ ਪਹਿਲਾਂ ਅਦਾਲਤ ਵਿੱਚ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਨਹੀਂ ਹੋਈ ਸੀ। ਜਿਵੇਂ ਹੀ ਸੁਣਵਾਈ ਸ਼ੁਰੂ ਹੋਣ ਲੱਗੀ ਸੀ ਤਾਂ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਸੀ ਕਿ ਇਸ ਮਾਮਲੇ ਵਿੱਚ ਜਲਦ ਸੀਨੀਅਰ ਵਕੀਲ ਪੇਸ਼ ਹੋਣਗੇ। ਉੱਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਦਸਤਾਵੇਜ਼ ਪੂਰੇ ਨਾ ਹੋਣ ਦੀ ਵਜ੍ਹਾ ਕਰਕੇ ਹੋਰ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਅੱਜ ਦੇ ਦਿਨ ਲਈ ਸੁਣਵਾਈ ਰਾਖਵੀਂ ਰੱਖੀ ਗਈ ਸੀ।
ਪਟਿਆਲਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ 2 ਜੱਜਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਚੀਫ਼ ਜਸਟਿਸ ਵੱਲੋਂ ਬਣਾਈ ਗਈ ਨਵੀਂ ਬੈਂਚ ਇਸ ‘ਤੇ ਸੁਣਵਾਈ ਕਰ ਰਹੀ ਹੈ। ਚੰਨੀ ਸਰਕਾਰ ਨੇ ਮਜੀਠੀਆ ਦੇ ਖਿਲਾਫ਼ ਡਰੱਗ ਸਮਗਲਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਸੀ ਪਰ 24 ਫਰਵਰੀ ਨੂੰ ਸਰੰਡਰ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਮਜੀਠੀਆ ਜੇਲ੍ਹ ਵਿੱਚ ਬੰਦ ਹਨ।
ਮਜੀਠੀਆ ‘ਤੇ ਇਲਜ਼ਾਮ ਲੱਗੇ ਸਨ ਕਿ ਡਰੱਗ ਤਸਕਰ ਸਤਪ੍ਰੀਤ ਸੱਤਾ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਰਹਿੰਦਾ ਸੀ। ਸਿਰਫ਼ ਏਨਾ ਹੀ ਨਹੀਂ, ਇਹ ਵੀ ਇਲਜ਼ਾਮ ਸੀ ਕਿ ਮਜੀਠੀਆ ਸੱਤਾ ਨੂੰ ਆਪਣੇ ਗੰਨਮੈਨ ਅਤੇ ਗੱਡੀ ਵੀ ਦਿੰਦਾ ਸੀ। ਮਜੀਠੀਆ ‘ਤੇ ਚੋਣਾਂ ਵਿੱਚ ਨਸ਼ਾ ਸਮੱਗਲਰਾਂ ਤੋਂ ਫੰਡ ਲੈਣ ਦੇ ਵੀ ਦੋਸ਼ ਲੱਗੇ ਸਨ। ਹਾਲਾਂਕਿ, ਅਕਾਲੀ ਦਲ ਇਸ ਨੂੰ ਬਦਲਾਖੌਰੀ ਦੀ ਸਿਆਸਤ ਦੱਸ ਰਿਹਾ ਹੈ।