Punjab

ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਮਾਮਲੇ ’ਤੇ ਮਾਨਸਾ ਕੋਰਟ ’ਚ ਸੁਣਵਾਈ, ਅਦਾਲਤ ਨੇ BBC ਤੋਂ ਮੰਗਿਆ ਜਵਾਬ

ਮਾਨਸਾ : ਬੀਬੀਸੀ ਵਰਲਡ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਦੀ ਜ਼ਿੰਦਗੀ ਅਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ’ਤੇ ਰੋਕ ਲਾਉਣ ਲਈ ਦਾਇਰ ਪਟੀਸ਼ਨ ਤੇ ਅੱਜ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ।

ਸੁਣਵਾਈ ਦੌਰਾਨ ਅਦਾਲਤ ਨੇ BBC ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ BBC ਨੂੰ 16 ਜੂਨ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧ ਵਿੱਚ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ।

ਦੱਸ ਦਈਏ ਕਿ ਲੰਘੇ ਕੱਲ੍ਹ ਬੀਬੀਸੀ ਨੇ ਸਿੱਧੂ ਦੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੀ ਹੱਤਿਆ ’ਤੇ ਆਧਾਰਿਤ ਬੀਬੀਸੀ ਵਰਲਡ ਸਰਵਿਸ ਦੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਨੂੰ ਯੂਟਿਊਬ ’ਤੇ ਰਿਲੀਜ਼ ਕਰ ਦਿੱਤਾ ਸੀ।  ਇਹ ਡਾਕੂਮੈਂਟਰੀ ਸਿੱਧੂ ਦੇ 32ਵੇਂ ਜਨਮਦਿਨ ’ਤੇ ਸਵੇਰੇ 5 ਵਜੇ ਦੋ ਹਿੱਸਿਆਂ ਵਿੱਚ ਜਾਰੀ ਕੀਤੀ ਗਈ ਸੀ।

ਬਲਕੌਰ ਸਿੰਘ ਨੇ ਜਤਾਇਆ ਸੀ ਇਤਰਾਜ਼

ਬਲਕੌਰ ਸਿੰਘ ਦਾ ਦਾਅਵਾ ਕੀਤਾ ਸੀ ਕਿ ਡਾਕੂਮੈਂਟਰੀ ਵਿੱਚ ਅਣਅਧਿਕਾਰਤ ਅਤੇ ਸੰਵੇਦਨਸ਼ੀਲ ਸਮੱਗਰੀ ਸ਼ਾਮਲ ਹੈ, ਜਿਸ ਵਿੱਚ ਨਿੱਜੀ ਗਵਾਹੀਆਂ ਅਤੇ ਚੱਲ ਰਹੇ ਅਪਰਾਧਿਕ ਮਾਮਲੇ ’ਤੇ ਟਿੱਪਣੀਆਂ ਸ਼ਾਮਲ ਹਨ। ਉਨ੍ਹਾਂ ਨੂੰ ਡਰ ਹੈ ਕਿ ਇਹ ਡਾਕੂਮੈਂਟਰੀ ਸਿੱਧੂ ਦੇ ਕਤਲ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਹੁਣ ਤੱਕ ਮਾਮਲੇ ਵਿੱਚ ਦੋ ਗਵਾਹੀਆਂ ਹੋ ਚੁੱਕੀਆਂ ਹਨ, ਅਤੇ ਬਲਕੌਰ ਸਿੰਘ ਦੀ ਗਵਾਹੀ ਅਜੇ ਬਾਕੀ ਹੈ। ਉਨ੍ਹਾਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਪਰਿਵਾਰ ਨੂੰ ਡਾਕੂਮੈਂਟਰੀ ਦੀ ਸਮੱਗਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਅਤੇ ਇਸ ਦੀ ਰਿਲੀਜ਼ ਪਰਿਵਾਰ ਦੀ ਨਿੱਜਤਾ ਅਤੇ ਮਰਨ ਉਪਰੰਤ ਸਿੱਧੂ ਦੇ ਸਨਮਾਨ ਦੀ ਉਲੰਘਣਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਜਨਤਕ ਅਸ਼ਾਂਤੀ ਨੂੰ ਭੜਕਾ ਸਕਦੀ ਹੈ ਅਤੇ ਜਾਂਚ ਵਿੱਚ ਵਿਘਨ ਪਾ ਸਕਦੀ ਹੈ।

ਦੂਜੇ ਬੰਨੇ ਬੀਬੀਸੀ ਵਰਲਡ ਵੱਲੋਂ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਨੂੰ ਦਰਸ਼ਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਡਾਕਿਊਮੈਂਟਰੀ ਰਿਲੀਜ਼ ਹੋਣ ਤੋਂ ਅੱਜ ਸਵੇਰੇ 10 ਵਜੇ ਤੱਕ ਦੀ ਕਿਲਿੰਗ ਕਾਲ ਦੇ ਪਹਿਲੇ ਐਪੀਸੋਡ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਇਸੇ ਤਰ੍ਹਾਂ ਦੂਸਰੇ ਐਪੀਸੋਡ ਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਪੌਣੇ ਤਿੰਨ ਲੱਖ ਤੋਂ ਟੱਪ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਮੂਸੇ ਵਾਲਾ ਤੇ ਬਣੀ  ਡਾਕੂਮੈਂਟਰੀ ਨੂੰ ਦੇਖਣ ਵਾਲਿਆਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ।