Lifestyle

Health Update-ਆਹ ਘਰੇਲੂ ਨੁਸਖਾ ਵਰਤ ਕੇ ਦੇਖੋ, ਕਿੱਦਾਂ ਨਿਖਰਦਾ ਹੈ ਚਿਹਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਹਣਾ ਚਿਹਰਾ ਕੌਣ ਨਹੀਂ ਚਾਹੁੰਦਾ। ਅਸੀਂ ਬਹੁਤ ਸਾਰੇ ਅਜਿਹੇ ਉਤਪਾਦ ਵਰਤਦੇ ਹਾਂ, ਜਿਸ ਨਾਲ ਚਿਹਰੇ ਦੀ ਸੁੰਦਰਤਾ ਵਧਦੀ ਹੈ।ਪਰ ਸ਼ਾਇਦ ਹੀ ਅਸੀਂ ਜਾਣਦੇ ਹਾਂ ਕਿ ਐਲੋਵੇਰਾ ਜੈੱਲ ਯਾਨੀ ਕਿ ਕੁਆਰ ਦਾ ਗਾੜ੍ਹਾ ਰਸ ਚਿਹਰੇ ਉੱਤੇ ਲਗਾਉਣ ਨਾਲ ਸਾਨੂੰ ਕਈ ਫਾਇਦੇ ਹੁੰਦੇ ਹਨ। ਇਸ ਨਾਲ ਚੇਹਰੇ ਦੇ ਦਾਗ ਤੇ ਹੋਰ ਦਾਗ ਮਿਟ ਜਾਂਦੇ ਹਨ।

ਇਹੀ ਕਾਰਣ ਹੈ ਕਿ ਇਸਦਾ ਇਸਤੇਮਾਲ ਕਈ ਤਰ੍ਹਾਂ ਦੇ ਬਿਊਟੀ ਉਤਪਾਦਾਂ ਵਿੱਚ ਵੀ ਹੁੰਦਾ ਹੈ। ਇਸਦੇ ਅੰਦਰ ਕਈ ਗੁਣ ਛੁੱਪੇ ਹੋਏ ਹਨ, ਜਿਸ ਨਾਲ ਸਾਡੀ ਚਮੜੀ ਨਿਖਰਦੀ ਹੈ।ਚਿਹਰਾ ਠੰਡਾ ਰਹਿੰਦਾ ਹੈ ਤੇ ਚਮੜੀ ਦੇ ਕਈ ਰੋਗ ਵੀ ਮਿਟ ਜਾਂਦੇ ਹਨ। ਕਈ ਲੋਕ ਚਿਹਰੇ ਉੱਤੇ ਪਿਗਮੈਂਟੇਸ਼ਨ ਯਾਨੀ ਕਿ ਛਾਈਆਂ ਤੋਂ ਪਰੇਸ਼ਾਨ ਹੁੰਦੇ ਹਨ।ਐਲੋਵੇਰਾ ਦੇ ਨਿਰੰਤਰ ਇਸਤੇਮਾਲ ਨਾਲ ਇਹ ਤਕਰੀਬਨ ਹਟ ਜਾਂਦੇ ਹਨ।

ਚਮੜੀ ਰੋਗਾਂ ਦੇ ਮਾਹਿਰ ਦੱਸਦੇ ਹਨ ਕਿ ਐਲੋਵੇਰਾ ਦੇ ਅੰਦਰ ਐਲੋਇਨ ਹੁੰਦਾ ਹੈ। ਇਹ ਡੀ ਪਿਗਮੈਂਟੇਸ਼ਨ ਤੇ ਸਕਿੱਨ ਲਾਇਟਨਿੰਗ ਲਈ ਫਾਇਦੇਮੰਦ ਹੁੰਦਾ ਹੈ। ਕਈ ਵਾਰ ਚਿਹਰੇ ਉੱਪਰ ਕਈ ਤਰ੍ਹਾਂ ਦੇ ਦਾਣੇ ਨਿਕਲ ਆਉਂਦੇ ਹਨ। ਇਸ ਲਈ ਸਾਨੂੰ ਐਲੋਵੇਰਾ ਜੈੱਲ ਲਗਾ ਕੇ ਸੋਣਾ ਚਾਹੀਦਾ ਹੈ। ਸਵੇਰੇ ਉੱਠ ਕੇ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ। 3 ਹਫਤੇ ਅਜਿਹਾ ਕਰਨ ਨਾਲ ਚਿਹਰੇ ਦੇ ਦਾਗ ਅਤੇ ਹੋਰ ਕਾਲੇ ਧੱਬੇ ਖਤਮ ਹੋ ਜਾਂਦੇ ਹਨ ਤੇ ਚਿਹਰਾ ਵੀ ਚਮਕਦਾਰ ਹੋ ਜਾਂਦਾ ਹੈ।

ਐਲੋਵੇਰਾ ਦੇ ਅੰਦਰ ਕਈ ਗੁਣ ਹੁੰਦੇ ਹਨ, ਜੋ ਕੋਲੇਜਨ ਨੂੰ ਬੂਸਟ ਕਰਨ ਵਿੱਚ ਮਦਦ ਕਰਦੇ ਹਨ। ਇਸਦੇ ਅੰਦਰ ਵਿਟਾਮਿਨ-E ਤੇ C ਦੀ ਬਹੁਤ ਮਾਤਰਾ ਹੁੰਦੀ ਹੈ। ਇੱਕ ਚਮਚਾ ਸ਼ਹਿਦ ਤੇ ਇੱਕ ਚਮਚਾ ਐਲੋਵੇਰਾ ਨੂੰ ਆਪਸ ਵਿਚ ਘੋਲ ਕੇ ਇਸ ਵਿਚ ਗੁਲਾਬ ਜਲ ਮਿਲਾ ਲਵੋ ਤੇ ਇਸਨੂੰ ਪਤਲਾ ਕਰ ਲਵੋ। ਇਸਨੂੰ 20 ਮਿੰਟ ਤੱਕ ਆਪਣੇ ਚਿਹਰੇ ਉੱਤੇ ਲਗਾਓ ਤੇ ਫਿਰ ਹਲਕੇ ਗਰਮ ਪਾਣੀ ਨਾਲ ਧੋ ਲਵੋ, ਤੁਹਾਡਾ ਚਿਹਰਾ ਚਮਕ ਜਾਵੇਗਾ ਤੇ ਸਕਿੱਨ ਵੀ ਮੁਲਾਇਮ ਹੋ ਜਾਵੇਗੀ।

ਚਿਹਰੇ ਉੱਤੋਂ ਮੇਕਅਪ ਉਤਾਰਨ ਲਈ ਵੀ ਐਲੋਵੇਰਾ ਫਾਇਦੇਮੰਦ ਹੈ।ਇਸ ਲਈ ਇਕ ਚਮਚਾ ਆਲਿਵ ਆਇਲ ਤੇ ਇਕ ਚਮਚਾ ਜੈੱਲ ਦੀ ਲੋੜ ਹੈ। ਦੋਹਾਂ ਨੂੰ ਮਿਲਾ ਕੇ ਇਸ ਘੋਲ ਨੂੰ ਮੇਕਅਪ ਉਤਾਰਨ ਲਈ ਵਰਤ ਸਕਦੇ ਹਾਂ। ਇਸ ਨਾਲ ਮੇਕਅਪ ਵੀ ਉੱਤਰ ਜਾਵੇਗਾ ਤੇ ਚਮੜੀ ਵੀ ਹਾਈਡ੍ਰੇਟ ਤੇ ਨਮੀ ਨਾਲ ਭਰੀ ਰਹੇਗੀ।

‘ਦ ਖਾਲਸ ਟੀਵੀ ਦੇ ਦਰਸ਼ਕਾਂ ਤੇ ਪਾਠਕਾਂ ਲਈ ਇਹ ਦੱਸਣਾ ਜਰੂਰੀ ਸਮਝਦੇ ਹਾਂ ਕਿ ਇਹ ਨੁਸਖੇ ਸਕਿੱਨ ਮਾਹਿਰਾਂ ਤੇ ਡਾਕਟਰਾਂ ਦੀ ਸਲਾਹ ਨਾਲ ਤਿਆਰ ਕੀਤੇ ਜਾਂਦੇ ਹਨ।ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਕ ਵਾਰ ਜਰੂਰ ਆਪਣੀ ਸਕਿੱਨ ਦੇ ਅਨੁਕੂਲ ਉਤਪਾਦ ਪਰਖ ਕੇ ਹੀ ਵਰਤਣੇ ਚਾਹੀਦੇ ਹਨ।