‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋ ਸ਼ ਵਿੱਚ ਐਂਟੀ ਕੁਰੱਪਸ਼ਨ ਬਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਫੈਸਲੇ ਤੋਂ ਬਾਅਦ ਐਂਟੀ ਕੁਰੱਪਸ਼ਨ ਬਰਾਂਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਨ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਛੇੜੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਦੀ ਵਜ਼ਾਰਤ ਵਿੱਚੋਂ ਛੁੱਟੀ ਕਰ ਦਿੱਤੀ ਹੈ। ਸਿਹਤ ਮੰਤਰੀ ਉੱਤੇ ਰਿਸ਼ਵਤ ਮੰਗਣ ਦਾ ਦੋਸ਼ ਹੈ। ਸਿਹਤ ਮੰਤਰੀ ਵੱਲੋਂ ਆਪਣਾ ਜੁਰਮ ਕਬੂਲ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਉਸਦੇ ਖਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਨੂੰ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਖੁਰਾਕ ਮੰਤਰੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਬਰਖਾਸਤ ਕਰ ਦਿੱਤਾ ਸੀ।
ਭਗਵੰਤ ਮਾਨ ਨੇ ਮੰਤਰੀ ਨੂੰ ਵਜ਼ਾਰਤ ਵਿੱਚੋਂ ਹਟਾਉਣ ਦੇ ਫੈਸਲੇ ਦੀ ਜਾਣਕਾਰੀ ਵੀਡੀਓ ਰਾਹੀਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੰਦੋਲਨ ਵਿੱਚੋਂ ਨਿਕਲੀ ਹੈ। ਰਿਸ਼ਵਤ ਕਰਨ ਵਾਲਾ ਭਾਵੇਂ ਉਨ੍ਹਾਂ ਦਾ ਆਪਣਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਅਨੁਸਾਰ ਵਿਜੇ ਸਿੰਗਲਾ ਵੱਲੋਂ ਸਿਹਤ ਵਿਭਾਗ ਨਾਲ ਸਬੰਧਿਤ ਹਰੇਕ ਟੈਂਡਰ ਵਿੱਚੋਂ ਇੱਕ ਫ਼ੀਸਦੀ ਹਿੱਸਾ ਲੈਣ ਦੀ ਸੂਹ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਬਾਰੇ ਸਿਰਫ਼ ਜਾਣਕਾਰੀ ਉਨ੍ਹਾਂ ਕੋਲ ਹੀ ਸੀ ਅਤੇ ਜੇ ਉਹ ਚਾਹੁੰਦੇ ਤਾਂ ਉਹ ਆਪਣੇ ਸਾਥੀ ਨੂੰ ਬਚਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਭ੍ਰਿਸ਼ਟ ਲੋਕਾਂ ਦੀ ਮਦਦ ਕਰਨ ਨਾਲ ਆਪਣੀ ਅਤੇ ਲੋਕਾਂ ਦੀ ਜ਼ਮੀਰ ਨਾਲ ਧੋਖਾ ਹੋ ਜਾਣਾ ਸੀ। ਮੁੱਖ ਮੰਤਰੀ ਮੁਤਾਬਕ ਸਿੰਗਲਾ ਨੇ ਆਪਣਾ ਇਹ ਗੁਨਾਹ ਕਬੂਲ ਵੀ ਕਰ ਲਿਆ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਹੈ ਜਦੋਂ ਕਿਸੇਂ ਮੁੱਖ ਮੰਤਰੀ ਨੇ ਆਪਣੇ ਮੰਤਰੀ ਸਾਥੀ ਉੱਤੇ ਸਿੱਧੀ ਕਾਰਵਾਈ ਕੀਤੀ ਹੋਵੇ। ਸਾਲ 2015 ਵਿੱਚ ਕੇਜਰੀਵਾਲ ਨੇ ਆਪਣੇ ਫੂਡ ਸਪਲਾਈ ਮੰਤਰੀ ਨੂੰ ਇੱਕ ਆਡੀਓ ਫੋਨ ਉੱਤੇ ਪੈਸੇ ਮੰਗਣ ਦੇ ਚਾਰਜ ਹੇਠ ਬਰਖਾਸਤ ਕੀਤਾ ਸੀ ਅਤੇ ਉਸਦਾ ਕੇਸ ਸੀਬੀਆਈ ਨੂੰ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਇਸ ਮੌਕੇ ਆਪ ਦੇ ਸੁਪਰੀਮੋ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਭ੍ਰਿਸ਼ਟ ਸਿਸਟਮ ਨੂੰ ਜੜ ਤੋਂ ਉਖਾੜ ਦਿੱਤਾ ਸੀ। ਅਸੀਂ ਉਹ ਆਪ ਵੀ ਕੇਜਰੀਵਾਲ ਦੇ ਸਿਪਾਹੀ ਹਨ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਲਈ ਇੱਕ ਫ਼ੀਸਦੀ ਵੀ ਥਾਂ ਨਹੀਂ ਹੈ।
ਮਾਨ ਨੇ ਸਾਰੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੋ ਭ੍ਰਿਸ਼ਟਾਚਾਰ ਕਰਦੇ ਹਨ ਉਹ ਸਾਵਧਾਨ ਰਹਿਣ ਕਿਉਂਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।