ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਵਰਪਾਲ (Giani Malkit Singh Varpal) ਦੇ ਛੋਟੇ ਸਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਰਾਗੀ (Bhai Harcharanpreet Singh Ragi) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਅਤੇ ਸਹੁਰੇ ਜਸਬੀਰ ਸਿੰਘ ਨਾਲ ਕੀਰਤਨ ਦੇ ਪ੍ਰੋਗਰਾਮ ਲਈ ਟਾਟਾ ਨਗਰ ਕੀਰਤਨ ਕਰਨ ਜਾ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਭਾਈ ਹਰਚਰਨਪ੍ਰੀਤ ਸਿੰਘ 25 ਸਾਲ ਦਾ ਸੀ। ਉਹ ਆਪਣੇ ਪਿੱਛੇ ਪਤਨੀ ਗਗਨਪ੍ਰੀਤ ਕੌਰ ਅਤੇ 2 ਸਾਲ ਦਾ ਬੱਚਾ ਛੱਡ ਗਿਆ ਹੈ। ਭਾਈ ਹਰਚਰਨਪ੍ਰੀਤ ਸਿੰਘ ਕੀਰਤਨ ਕਰਦੇ ਸਨ ਤੇ ਕੀਰਤਨ ਪ੍ਰੋਗਰਾਮ ਲਈ ਹੀ ਟਾਟਾ ਨਗਰ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ 8 ਜੂਨ ਨੂੰ ਪੋਸਟਮਾਰਟਮ ਤੋਂ ਬਾਅਦ ਪੁੱਤਰ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਭਲਕੇ 9 ਜੂਨ ਦਿਨ ਐਤਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦੱਸ ਦੇਈਏ ਕੁਝ ਦਿਨ ਪਹਿਲਾਂ ਹੀ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਪਾਠੀ ਵੱਲੋਂ ਗਿਆਨੀ ਮਲਕੀਤ ਸਿੰਘ ਦੇ 16 ਸਾਲਾ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਸੀ। ਤੇ ਹੁਣ ਪੁੱਤਰ ਦੀ ਮੌਤ ਬਾਅਦ ਉਨ੍ਹਾਂ ਨੂੰ ਵੱਡਾ ਘਾਟਾ ਪੈ ਗਿਆ ਹੈ।