Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ‘ਚ ਲੱਗਿਆ ਪੱਕਾ ਮੋਰਚਾ !

sikh prisoner dharna in mohali

ਬਿਊਰੋ ਰਿਪੋਰਟ : ਬੰਦੀ ਸਿੰਘਾਂ ਦੀ ਰਿਹਾਈ ਸਮੇਤ 3 ਹੋਰ ਪੰਥਕ ਮੁੱਦਿਆ ਨੂੰ ਲੈਕੇ ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਪੱਕਾ ਧਰਨਾ ਲਾ ਲਿਆ ਗਿਆ ਹੈ । ਮੋਰਚੇ ਵਿੱਚ ਸ਼ਾਮਲ ਲੋਕਾਂ ਨੇ ਸੜਕ ‘ਤੇ ਹੀ ਰਾਤ ਗੁਜ਼ਾਰੀ ਹੈ,ਨੌਜਵਾਨ,ਮਹਿਲਾਵਾਂ ,ਬਜ਼ੁਰਗ ਹਰ ਵਰਗ ਦੇ ਲੋਕ ਮੋਰਚੇ ਵਿੱਚ ਸ਼ਾਮਲ ਹੋਏ । ਠੰਢ ਦੇ ਬਾਵਜੂਦ ਮੋਰਚੇ ਦੇ ਵਿੱਚ ਸ਼ਾਮਲ ਲੋਕਾਂ ਦਾ ਹੌਸਲਾ ਬੁਲੰਦ ਸੀ ਅਤੇ ਉਨ੍ਹਾਂ ਨੇ ਸਾਫ ਐਲਾਨ ਕਰ ਦਿੱਤਾ ਹੈ ਕੀ ਉਹ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹੱਟਣ ਵਾਲੇ ਹਨ। ਇਨਸਾਫ ਮੋਰਚਾ ਕੁੱਲ 4 ਮੰਗਾਂ ਨੂੰ ਲੈਕੇ ਧਰਨੇ ‘ਤੇ ਬੈਠਾ ਹੈ ।

ਇਹ ਹਨ ਮੋਰਚੇ ਦੀਆਂ 4 ਮੰਗਾਂ

ਇਨਸਾਫ ਮੋਰਚੇ ਦੀ ਸਭ ਤੋਂ ਅਹਿਮ ਮੰਗ ਹੈ ਕੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਫੌਰਨ ਕੀਤੀ ਜਾਵੇਂ। ਇਸ ਨੂੰ ਲੈਕੇ ਲੰਮੇ ਵਕਤ ਤੋਂ ਸਿੱਖ ਸੰਗਤ ਮੰਗ ਰਹੀ ਹੈ । ਕੇਂਦਰ ਸਰਕਾਰ ਅਤੇ ਸੂਬਾਂ ਸਰਕਾਰਾਂ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ । ਤਾਜ਼ਾ ਮਾਮਲਾ ਜਗਤਾਰ ਸਿੰਘ ਹਵਾਰਾ ਦਾ ਹੈ । ਅਦਾਲਤ ਨੇ ਹਵਾਰਾ ਨੂੰ ਦਿੱਲੀ ਤੋਂ ਚੰਡੀਗੜ੍ਹ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਤੱਕ ਇਸ ‘ਤੇ ਵੀ ਪ੍ਰਸ਼ਾਸਨ ਫੈਸਲਾ ਨਹੀਂ ਲੈ ਸਕਿਆ ਹੈ । ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ 27 ਸਾਲ ਤੋਂ ਜੇਲ੍ਹ ਵਿੱਚ ਹਨ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫੀ ਦਾ ਮਾਮਲਾ ਲੰਮੇ ਵਕਤ ਤੋਂ ਸੁਪਰੀਮ ਕੋਰਟ ਵਿੱਚ ਹੈ । ਦਵਿੰਦਰ ਪਾਲ ਸਿੰਘ ਭੁੱਲਰ ਨੂੰ 28 ਸਾਲ ਜੇਲ੍ਹ ਵਿੱਚ ਹੋ ਗਏ ਹਨ,ਸੁਪਰੀਮ ਕੋਰਟ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ ਪਰ ਰਿਹਾਈ ਦੀ ਫਾਈਲ ‘ਤੇ ਲੰਮੇ ਵਕਤ ਤੋਂ ਦਿੱਲੀ ਸਰਕਾਰ ਕੋਈ ਫੈਸਲਾ ਨਹੀਂ ਲੈ ਪਾ ਰਹੀ ਹੈ। 32 ਸਾਲ ਤੋਂ ਗੁਰਦੀਪ ਸਿੰਘ ਖਹਿਰਾ,27 ਸਾਲ ਤੋਂ ਲਖਵਿੰਦਰ ਸਿੰਘ ਲੱਖਾ,27 ਸਾਲ ਤੋਂ ਗੁਰਪ੍ਰੀਤ ਸਿੰਘ,27 ਸਾਲਾਂ ਤੋਂ ਹੀ ਭਾਈ ਸ਼ਮਸ਼ੇਰ ਸਿੰਘ,25 ਸਾਲ ਤੋਂ ਪਰਮਜੀਤ ਸਿੰਘ ਭਿਓਰਾ,17 ਸਾਲ ਤੋਂ ਜਗਤਾਰ ਸਿੰਘ ਤਾਰਾ ਜੇਲ੍ਹ ਵਿੱਚ ਨਜ਼ਰ ਬੰਦ ਹਨ । ਇੰਨਾਂ ਸਾਰਿਆਂ ਦੇ ਲਈ ਇਨਸਾਫ ਮੋਰਚਾ ਰਿਹਾਈ ਦੀ ਮੰਗ ਰਿਹਾ ਹੈ ।

ਚੰਡੀਗੜ੍ਹ ਮੋਹਾਲੀ ਸਰਹੱਦ ‘ਤੇ ਸ਼ੁਰੂ ਹੋਏ ਇਨਸਾਫ ਮੋਰਚਾ ਬੇਅਦਬੀ ਦਾ ਵੀ ਇਨਸਾਫ ਮੰਗ ਰਿਹਾ ਹੈ । ਉਨ੍ਹਾਂ ਦੀ ਮੰਗ ਹੈ ਕਿ 8 ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਇੱਕ ਵੀ ਮੁਲਜ਼ਮ ਨੂੰ ਸਜ਼ਾ ਨਹੀਂ ਦਿੱਤੀ ਹੈ ਅਤੇ ਨਾਂ ਹੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਫੜਿਆ ਹੈ। ਮੋਰਚੇ ਵਿੱਚ ਸ਼ਾਮਲ ਲੋਕਾਂ ਦੀ ਮੰਗ ਹੈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲਈ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ,ਇਸ ਦੇ ਲਈ ਸਰਕਾਰ ਸਖਤ ਕਾਨੂੰਨ ਲੈਕੇ ਆਏ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਤੋਂ 328 ਸਰੂਪਾਂ ਦੇ ਲਾਪਤਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਵੀ ਇਨਸਾਫ ਮੋਰਚਾ ਕਾਰਵਾਹੀ ਦੀ ਮੰਗ ਕਰ ਰਿਹਾ ਹੈ ।

ਹਵਾਰਾ ਕਮੇਟੀ ਵੱਲੋਂ ਲਗਾਇਆ ਗਿਆ ਮੋਰਚਾ

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫ਼ੀ,ਪੰਜਾਬ ਅਤੇ ਭਾਰਤ ਸਰਕਾਰ ਦੀ ਸਿੱਖ ਕੌਮ ਪ੍ਰਤੀ ਬੇਰੁਖੀ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ 7 ਜਨਵਰੀ ਨੂੰ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਕਈ ਸਿੱਖ ਮੁੱਦਿਆਂ ਨੂੰ ਲੈ ਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ ।