The Khalas Tv Blog Punjab GNDU ਦੇ ਵੀਸੀ ਡਾ. ਕਰਮਜੀਤ ਸਿੰਘ ਦਾ ਅਹੁਦੇ ’ਤੇ ਰਹਿਣਾ ਯੂਨੀਵਰਸਿਟੀ ਦੀ ਹੋਂਦ ਲਈ ਖ਼ਤਰਾ – ਜਥੇਦਾਰ ਹਵਾਰਾ ਕਮੇਟੀ
Punjab Religion

GNDU ਦੇ ਵੀਸੀ ਡਾ. ਕਰਮਜੀਤ ਸਿੰਘ ਦਾ ਅਹੁਦੇ ’ਤੇ ਰਹਿਣਾ ਯੂਨੀਵਰਸਿਟੀ ਦੀ ਹੋਂਦ ਲਈ ਖ਼ਤਰਾ – ਜਥੇਦਾਰ ਹਵਾਰਾ ਕਮੇਟੀ

ਬਿਊਰੋ ਰਿਪੋਰਟ (ਅੰਮ੍ਰਿਤਸ): ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਡਾ. ਸੁਖਦੇਵ ਸਿੰਘ ਬਾਬਾ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾ.ਕਰਮਜੀਤ ਸਿੰਘ ਦਾ ਆਰਐਸਐਸ ਪ੍ਰਤੀ ਝੁਕਾਵ ਯੂਨੀਵਰਸਿਟੀ ਦੀ ਅੱਡਰੀ ਹੋਂਦ ਲਈ ਖ਼ਤਰਾ ਹੈ, ਇਸ ਲਈ ਵੀਸੀ ਨੂੰ ਇਸ ਅਹੁਦੇ ਤੋਂ ਹਟਾਉਣਾ ਜ਼ਰੂਰੀ ਹੈ। ਸਰਕਾਰ ਵੱਲੋਂ ਸੱਦੀ ਗਈ ਮੀਟਿੰਗਾਂ ਵਿੱਚ ਵੀਸੀ ਦਾ ਜਾਣਾ ਜਾਇਜ਼ ਹੈ ਪਰ ਸੰਘ ਪਰਿਵਾਰ ਦੀ ਸੰਸਥਾ ‘ਗਿਆਨ ਸਭਾ ਐਜੂ ਫਾਰ ਵਿਕਸਿਤ ਭਾਰਤ’ ਦੇ ਸੱਦੇ ਤੇ ਜਾਣਾ ’ਤੇ ਸਨਾਤਨੀ ਵਿਚਾਰਧਾਰਾ ਨੂੰ ਯੂਨੀਵਰਸਿਟੀ ਵਿੱਚ ਅਮਲ ਵਿੱਚ ਲਿਆਉਣ ਦੀ ਗੱਲ ਕਰਨੀ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਦੇ ਨਾਮ ’ਤੇ ਬਣੀ ਯੂਨੀਵਰਸਿਟੀ ਦਾ ਵੀਸੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਲਈ ਵਿਦਿਆਰਥੀਆਂ ਸਾਹਮਣੇ ਰੋਲ ਮਾਡਲ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਵਿਦਿਆਰਥੀ ਜਥੇਬੰਦੀ ਯੁਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕੀਤੇ ਜਾਣ ਨੂੰ ਹਵਾਰਾ ਕਮੇਟੀ ਨੇ ਠੀਕ ਦੱਸਿਆ। ਫੈਡਰੇਸ਼ਨ ਕਾਰਕੁਨਾਂ ਦੇ ਕੈਰੀਅਰ ਨਾਲ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਹਵਾਰਾ ਕਮੇਟੀ ਨੇ ਸਖ਼ਤ ਤਾੜਨਾ ਕੀਤੀ। ਵਿਦਿਆਰਥੀਆਂ ਵਿਰੁੱਧ ਕੀਤੀ ਗਈ ਕਿਸੇ ਵੀ ਕਾਰਵਾਈ ਨੂੰ ਸੰਘ ਪਰਿਵਾਰ ਦੇ ਹਮਲੇ ਵਜੋਂ ਦੇਖਿਆ ਜਾਵੇਗਾ ਅਤੇ ਇਸ ਨਾਲ ਅਕਾਦਮਿਕ ਮਹੌਲ ਖ਼ਰਾਬ ਹੋਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀਸੀ ਤੋਂ ਸਪਸ਼ਟੀਕਰਨ ਮੰਗੇ ਜਾਣ ਤੇ ਕਮੇਟੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂ ਪਿੰਡ ਅਤੇ ਰਘਬੀਰ ਸਿੰਘ ਭੁੱਚਰ ਨੇ ਕਿਹਾ ਕਿ ਇਹ ਪੰਥਕ ਮੁੱਦਾ ਬਣ ਗਿਆ ਹੈ ਜਿਸ ਦੀ ਵਿਆਪਕ ਵਿਰੋਧਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਵੀਸੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਦੋਸ਼ੀ ਹੈ। ਉਨ੍ਹਾਂ ਕਿਹਾ ਸਿੱਖ ਕਦੀ ਵੀ ਸਨਾਤਨੀ ਵਿਚਾਰਧਾਰਾ ਨਾਲ ਬਣੇ ਅਦਾਰਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੇ ਇਸ ਲਈ ਆਪਣੀਆਂ ਸੰਸਥਾਵਾਂ ਵਿੱਚ ਇਨ੍ਹਾਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਕਿਉਂ ਕਰਨ।

Exit mobile version