Punjab

ਰਿੰਦਾ ਦੀ ਸੱਜੀ ਬਾਹ ਹਰਪ੍ਰੀਤ ਸੰਘੇੜਾ ਦੀ ਇਟਲੀ ਤੋਂ ਆਈ ਹੁਣ ਮੌਤ ਦੀ ਖ਼ਬਰ,ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

Gangster harpreet sangara death in italy

ਬਿਉਰੋ ਰਿਪੋਰਟ : ਪਾਕਿਸਤਾਨ ਵਿੱਚ ਹਰਵਿੰਦਰ ਸਿੰਘ ਰਿੰਦਾ ਦੀ ਮੌਤ ‘ਤੇ ਹੁਣ ਤੱਕ ਸਸਪੈਂਸ ਬਣਿਆ ਹੋਇਆ ਹੈ । ਬੰਬੀਹਾ ਅਤੇ ਲੰਡਾ ਗਰੁੱਪ ਆਪੋ ਆਪਣੇ ਦਾਅਵੇ ਕਰ ਰਹੇ ਹਨ।ਭਾਰਤੀ ਏਜੰਸੀਆਂ ਨੇ ਇਸ ‘ਤੇ ਚੁੱਪੀ ਧਾਰੀ ਹੋਈ ਹੈ । ਉਧਰ ਖ਼ਬਰ ਆ ਰਹੀ ਹੈ ਕਿ ਰਿੰਦਾ ਦੇ ਕਰੀਬੀ ਸਾਥੀ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਘੇੜਾ ਦੀ ਵੀ ਮੌਤ ਹੋ ਗਈ ਹੈ । ਹਾਲਾਂਕਿ ਭਾਰਤੀ ਖੁਫਿਆ ਏਜੰਸੀਆਂ ਇਸ ‘ਤੇ ਕੁਝ ਵੀ ਨਹੀਂ ਕਹਿ ਰਹੀਆਂ ਹਨ। ਜੇਕਰ ਅਜਿਹਾ ਹੋਇਆ ਹੈ ਤਾਂ ISI ਦਾ ਭਾਰਤ ਅਤੇ ਖਾਸ ਕਰਕੇ ਪੰਜਾਬ ਖਿਲਾਫ਼ ਪਲਾਨ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ । ਹੈਪੀ ਸੰਘੇੜਾ ਲੰਮੇ ਵਕਤ ਤੋਂ ਇਟਲੀ ਵਿੱਚ ਸੀ । ਇਲਜ਼ਾਮ ਹੈ ਕਿ ਉਹ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹੈੱਪੀ ਪਾਕਿਸਤਾਨ ਵਿੱਚ ਰਹਿ ਰਹੇ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਸੀ । ਦੋਵੇ ਮਿਲਕੇ ਪੰਜਾਬ ਦੇ ਖਿਲਾਫ਼ ਪਲਾਨ ਬਣਾ ਰਹੇ ਸਨ। 1 ਅਕਤੂਬਰ ਨੂੰ ਫਿਰੋਜ਼ਪੁਰ ਦੇ ਪਿੰਡ ਜੋਗੇਵਾਲ ਵਿੱਚ ਹਰਪ੍ਰੀਤ ਸਿੰਘ ਉਰਫ਼ ਹਰ ਸਰਪੰਚ ਦੀ ਗਿਰਫ਼ਤਾਰੀ ਤੋਂ ਬਾਅਦ ਇਸ ਦੀ ਪੁਸ਼ਟੀ ਵੀ ਹੋਈ ਹੈ ।

ਕੈਨੇਡਾ ਬੈਠਾ ਲੰਡਾ ਨੇ ਲਈ ਜ਼ਿੰਮੇਵਾਰੀ

ਕੈਨੇਡਾ ਵਿੱਚ ਬੈਠੇ ਲਖਬੀਰ ਸਿੰਘ ਉਰਫ਼ ਲੰਡਾ ਨੇ ਹੈਪੀ ਸੰਘੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ । ਲੰਡਾ ਦਾ ਦਾਅਵਾ ਹੈ ਕਿ ਸੰਘੇੜਾ ਦਾ ਕਤਲ ਉਸ ਨੇ ਕਰਵਾਇਆ ਹੈ ਕਿਉਂਕਿ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਹੋਣ ਦੇ ਬਾਵਜੂਦ ਉਸ ਦੇ ਖਿਲਾਫ ਹੋ ਗਿਆ ਸੀ। ਜਿਸ ਨਾਲ ਉਸ ਦੇ ਸਾਥੀਆਂ ਨੂੰ ਨੁਕਸਾਨ ਹੋ ਰਿਹਾ ਸੀ । ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਵਿੱਚ RPG ਅਟੈਕ ਨਾਲ ਹੋਏ ਹਮਲੇ ਵਿੱਚ ਰਿੰਦਾ ਦੇ ਨਾਲ ਹੈੱਪੀ ਸੰਘੇੜਾ ਦਾ ਨਾਂ ਆਇਆ ਸੀ। 23 ਸਤੰਬਰ ਨੂੰ ਪੰਜਾਬ ਪੁਲਿਸ ਨੇ ਪਿੰਡ ਜੱਗੋਵਾਲ ਦੇ ਰਹਿਣ ਵਾਲੇ ਬਲਜੀਤ ਸਿੰਘ ਮਲੀ ਨੂੰ ਗਿਰਫ਼ਤਾਰ ਕੀਤਾ ਗਿਆ ਸੀ । ਪੁੱਛ-ਗਿੱਛ ਵਿੱਚ ਮਲੀ ਨੇ ਦੱਸਿਆ ਸੀ ਕਿ ਹੈਪੀ ਸੰਘੇੜਾ ਦੇ ਕਹਿਣ ‘ਤੇ ਜੁਲਾਈ 2022 ਵਿੱਚ ਸੁਡਾਨ ਪਿੰਡ ਦੇ ਮੱਖੂ ਲੋਹਿਆ ਪਿੰਡ ਵਿੱਚ ਹਥਿਆਰਾਂ ਦੀ ਖੇਪ ਲਈ ਸੀ ।

ਰਿੰਦਾ ਕਰਾਇਮ ਰਿਕਾਰਡ

18 ਸਾਲ ਦੀ ਉਮਰ ਵਿੱਚ ਆਪਣੇ ਰਿਸ਼ਤੇਦਾਰ ਦਾ ਖੂਨ ਕਰਨ ਵਾਲਾ ਰਿੰਦਾ 2016 ਵਿੱਚ ਭਾਰਤ ਅਤੇ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਕਤਲ ਅਤੇ ਨਸ਼ੇ ਦਾ ਵਪਾਰ ਕਰਨ ਵਾਲਾ ਰਿੰਦਾ ਨੇਪਾਲ ਦੇ ਰਸਤੇ ਪਹਿਲਾਂ ਦੁਬਈ ਅਤੇ ਫਿਰ ਪਾਕਿਸਤਾਨ ਚੱਲਾ ਗਿਆ । ਇਲਜ਼ਾਮਾਂ ਮੁਤਾਬਿਕ ਉਸ ਤੋਂ ਬਾਅਦ ਰਿੰਦਾ ਪਾਕਿਸਤਾਨ ਤੋਂ ਹੀ ਪੰਜਾਬ ਨਸ਼ੇ ਦੀ ਸਪਲਾਈ ਕਰਦਾ ਸੀ । ਮੋਹਾਲੀ ਵਿੱਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ RPG ਅਟੈਕ ਵਿੱਚ ਹੀ ਰਿੰਦਾ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੀ ਮਦਦ ਕਰਨ ਵਿੱਚ ਵੀ ਹਰਵਿੰਦਰ ਸਿੰਘ ਰਿੰਦਾ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਹੈ ।