India

ਹਾਥਸਰ ਮਾਮਲੇ ‘ਚ ਪੀੜਤਾ ਦੇ ਪਰਿਵਾਰ ਵੱਲੋਂ ਧੀ ਦੀਆਂ ਅਸਥੀਆਂ ਨਾ ਤਾਰਨ ਦਾ ਫੈਸਲਾ

‘ਦ ਖ਼ਾਲਸ ਬਿਊਰੋ :- ਯੂਪੀ ਦੇ ਹਾਥਰਸ ‘ਚ ਹੋਈ ਦਲਿਤ ਲੜਕੀ ਦੇ ਨਾਲ ਜਬਰ-ਜਨਾਹ ਦੀ ਦਰਦਨਾਕ ਘਟਨਾ ਤੋਂ ਮਗਰੋਂ ਪੀੜਤਾ ਦੇ ਪਰਿਵਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੀ ਧੀ ਦੀਆਂ ਅਸਥੀਆਂ ਨਹੀਂ ਪਾਣੀ ਨਹੀਂ ਤਾਰਨਗੇ। ਪੁਲੀਸ ਵੱਲੋਂ 30 ਸਤੰਬਰ ਦੀ ਅੱਧੀ ਰਾਤ ਨੂੰ ਤਿੰਨ ਵਜੇ ਦੇ ਕਰੀਬ ਪੀੜਤਾ ਦਾ ਅੰਤਿਮ ਸਸਕਾਰ ਕੀਤੇ ਜਾਣ ਤੋਂ ਪਰਿਵਾਰ ਨਾਰਾਜ਼ ਹੈ।

ਪੀੜਤਾ ਦੇ ਭਰਾ ਨੇ ਕਿਹਾ, ‘‘ਹਮਕੋ ਕਿਆ ਪਤਾ ਕੀ ਵੋਹੀ ਹਮਾਰੀ ਬਹਿਨ ਥੀ।… ਅਸੀਂ ਤਾਂ ਉਸ ਦਾ ਆਖਰੀ ਵਾਰ ਮੂੰਹ ਤੱਕ ਨਹੀਂ ਦੇਖਿਆ। ਮੈਂ ਮਾਨਵੀ ਆਧਾਰ ’ਤੇ ਫੁੱਲ ਚੁੱਗੇ ਹਨ, ਕਿਉਂਕਿ ਜੇ ਉਹ ਮੇਰੀ ਭੈਣ ਨਹੀਂ ਤਾਂ ਕਿਸੇ ਦੀ ਤਾਂ ਹੋਵੇਗੀ। ਮੈਂ ਅਸਥੀਆਂ ਨੂੰ ਠੋਕਰ ਨਹੀਂ ਮਾਰਨਾ ਚਾਹੁੰਦਾ।’’ ਭਰਾ ਨੇ ਕਿਹਾ ਕਿ ਉਹ ਨਾਰਕੋ-ਪਾਲੀਗ੍ਰਾਫ਼ ਟੈਸਟ ਨਹੀਂ ਦੇਣਗੇ ਕਿਉਂਕਿ ਉਹ ਝੂਠ ਨਹੀਂ ਬੋਲ ਰਹੇ ਹਨ। ਉਸ ਮੁਤਾਬਿਕ ਇਹ ਟੈਸਟ ਮੁਲਜ਼ਮਾਂ ਤੇ ਪੁਲੀਸ ਕਰਮੀਆਂ ਦਾ ਹੋਣਾ ਚਾਹੀਦਾ ਹੈ ਜੋ ਇਸ ਮਾਮਲੇ ’ਚ ਝੂਠ ਬੋਲ ਰਹੇ ਹਨ। ਯੂਪੀ ਸਰਕਾਰ ਨੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਹੈ।

ਇਸ ਦੌਰਾਨ ਯੂਪੀ ਸਰਕਾਰ ਨੇ ਦਲਿਤ ਮਹਿਲਾ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਪੀੜਤਾ ਦੇ ਭਰਾ ਨੂੰ ਦੋ ਸੁਰੱਖਿਆ ਕਰਮੀ ਦਿੱਤੇ ਗਏ ਹਨ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨਿਸ਼ ਕੁਮਾਰ ਅਵਸਥੀ ਨੇ ਦੱਸਿਆ ਕਿ ਪਿੰਡ ’ਚ ਪਰਿਵਾਰ ਦੀ 24 ਘੰਟੇ ਸੁਰੱਖਿਆ ਲਈ ਪੀਏਸੀ ਦੇ 12 ਤੋਂ 15 ਜਵਾਨ ਤਾਇਨਾਤ ਕੀਤੇ ਗਏ ਹਨ।

ਭੀਮ ਆਰਮੀ ਦੇ ਮੁਖੀ ਅਤੇ ਕਾਰਕੁਨਾਂ ਖਿਲਾਫ਼ ਕੇਸ

ਹਾਥਰਸ ਵਿੱਚ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਗਏ ਭੀਮ ਆਰਮੀ ਦੇ ਆਗੂ ਚੰਦਰਸ਼ੇਖ਼ਰ ਆਜ਼ਾਦ ਤੇ ਚਾਰ-ਪੰਜ ਸੌ ਅਣਪਛਾਤਿਆਂ ਖ਼ਿਲਾਫ਼ CRPC ਦੀ ਧਾਰਾ 144 ਤੇ ਐਪੀਡੈਮਿਕ ਡਿਸੀਜ਼ਿਜ਼ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।