’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਚਾਰ ਲੋਕਾਂ ਨੇ 19 ਸਾਲਾ ਇੱਕ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਮੂਹਿਕ ਬਲਾਤਕਾਰ ਤੋਂ ਬਾਅਦ ਲੜਕੀ ਨਾਲ ਇਸ ਕਦਰ ਹੈਵਾਨੀਅਤ ਕੀਤੀ ਗਈ ਕਿ ਉਸ ਦੀ ਜ਼ੁਬਾਨ ਵੀ ਕੱਟੀ ਗਈ ਅਤੇ ਕਮਰ ਦੀ ਹੱਡੀ ਤਕ ਟੁੱਟ ਗਈ। ਪੀੜਤਾ ਦੇ ਪਿੰਡ ਦੇ ਹੀ ਚਾਰ ਮੁੰਡਿਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਅਧਮਰੀ ਹਾਲਤ ਵਿੱਚ ਛੱਡ ਦਿੱਤਾ। ਕੱਲ੍ਹ 29 ਸਤੰਬਰ ਨੂੰ ਘਟਨਾ ਦੇ 15 ਦਿਨ ਬਾਅਦ ਆਖ਼ਰ ਪੀੜਤਾ ਨੇ ਦਮ ਤੋੜ ਦਿੱਤਾ। ਬਲਾਤਕਾਰ ਪੀੜਤਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ ਬਲਕਿ ਚਾਰੇ ਮੁਲਜ਼ਮ ਉੱਚ ਜਾਤੀਆਂ ਨਾਲ ਸਬੰਧ ਰੱਖਦੇ ਹਨ। ਪੀੜਤਾ ਦੇ ਪਰਿਵਾਰ ਨੇ ਪੁਲਿਸ ’ਤੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਲੜਕੀ ਦਾ ਮੁੰਹ ਵੀ ਨਹੀਂ ਦਿਖਾਇਆ ਤੇ ਜ਼ਬਰਨ ਰਾਤ ਦੇ ਹਨ੍ਹੇਰੇ ਵਿੱਚ ਲੜਕੀ ਦਾ ਸਸਕਾਰ ਕਰ ਦਿੱਤਾ।
ਘਟਨਾ ਬਾਅਦ ਇੱਕ ਵਾਰ ਫਿਰ ਦੇਸ਼ ਅੰਦਰ ‘ਨਿਰਭਿਆ’ ਦਾ ਨਾਅਰਾ ਗੂੰਜਣ ਲੱਗਾ ਹੈ। ਚੁਫ਼ੇਰਿਓਂ ਇਨਸਾਫ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਲੋਕ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਦੋਸ਼ੀਆਂ ਦਾ ‘ਐਨਕਾਊਂਟਰ’ ਕਰਨ ਦੀ ਵੀ ਗੱਲ ਹੋ ਰਹੀ ਹੈ। ਕੱਲ੍ਹ 29 ਸਤੰਬਰ ਨੂੰ ਗੈਂਗਰੇਪ ਪੀੜਤਾ ਦੀ ਮੌਤ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ। ਘਟਨਾ ਸਬੰਧੀ ਯੂਪੀ ਦੇ ਸਿਸਟਮ ਅਤੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। CBI ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਯੋਗੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹੈ। ਯੂਪੀ ਵਿੱਚ ਸਿਸਟਮ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸਿਆਸਤ ਤੋਂ ਇਲਾਵਾ ਬਾਲੀਵੁੱਡ ਸਟਾਰ ਵੀ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
14 ਸਤੰਬਰ ਨੁੂੰ ਸਵੇਰ ਦੇ 9:30 ਵਜੇ ਹਥਰਾਸ ਦੇ ਚਾਂਦਪਾ ਥਾਣਾ ਖੇਤਰ ਦੇ ਪਿੰਡ ਬੁੱਲਗੜ੍ਹੀ ਦੀ ਰਹਿਣ ਵਾਲੀ ਲੜਕੀ ਆਪਣੀ ਮਾਂ ਨਾਲ ਖੇਤਾਂ ਵਿੱਚ ਪੱਠੇ ਲੈਣ ਗਈ ਸੀ। ਪੱਠੇ ਵੱਢਦਿਆਂ ਉਹ ਆਪਣੀ ਮਾਂ ਤੋਂ ਦੂਰ ਹੋ ਗਈ। ਉਹ ਦੂਸਰੀ ਥਾਓਂ ਪੱਢੇ ਵੱਢ ਰਹੀ ਸੀ। ਇਸੇ ਦੌਰਾਨ ਪਿੰਡ ਦੇ ਚਾਰ ਨੌਜਵਾਨ ਆਏ ਤੇ ਲੜਕੀ ਨੂੰ ਚੁੰਨੀ ਨਾਲ ਖਿੱਚ ਕੇ ਬਾਜਰੇ ਦੇ ਇੱਕ ਖੇਤ ਵਿੱਚ ਲੈ ਗਏ। ਉੱਥੇ ਚਾਰਾਂ ਮੁੰਡਿਆਂ ਨੇ ਲੜਕੀ ਨਾਲ ਜ਼ਬਰਜਨਾਹ ਕੀਤਾ। ਜਦ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸੇ ਕੁੱਟਮਾਰ ਦੌਰਾਨ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਜ਼ੁਬਾਨ ਵੀ ਕੱਟੀ ਗਈ।
ਘਟਨਾ ਤੋਂ ਬਾਅਦ ਚਾਰੇ ਮੁਲਜ਼ਮ ਲੜਕੀ ਨੂੰ ਮਰੀ ਹੋਈ ਸਮਝ ਕੇ ਉੱਥੋਂ ਫਰਾਰ ਹੋ ਗਏ। ਜਦੋਂ ਲੜਕੀ ਦੀ ਮਾਂ ਉਸ ਨੂੰ ਲੱਭਦੀ ਹੋਈ ਉੱਥੇ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਮਦਦ ਲਈ ਬੁਲਾਇਆ। ਲੜਕੀ ਨੂੰ ਤੁਰੰਤ ਅਲੀਗੜ ਦੇ ਜੇਐਨ ਮੈਡੀਕਲ ਕਾਲਜ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਲੜਕੀ ਦੀ ਹਾਲਤ ਬਹੁਤ ਗੰਭੀਰ ਸੀ। ਪਰ ਉਸਦਾ ਇਲਾਜ ਜਾਰੀ ਰਿਹਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 307 (ਮਾਰਨ ਦੀ ਕੋਸ਼ਿਸ਼) ਦਾ ਕੇਸ ਦਰਜ ਕੀਤਾ। ਪੀੜਤਾ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਸੀ, ਇਸ ਲਈ ਐਸਸੀ-ਐਸਟੀ ਐਕਟ ਵੀ ਲਾਇਆ ਗਿਆ। ਹਾਲਾਂਕਿ ਇਸ ਵੇਲੇ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ।
8 ਦਿਨਾਂ ਬਾਅਦ ਦਰਜ ਹੋਇਆ ਬਲਾਤਕਾਰ ਦਾ ਮਾਮਲਾ
ਘਟਨਾ ਤੋਂ ਬਾਅਦ 8 ਦਿਨਾਂ ਤੱਕ ਪੀੜਤਾ ਬੇਹੋਸ਼ ਰਹੀ। 22 ਸਤੰਬਰ ਨੂੰ, ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸ ਨੇ ਆਪਬੀਤੀ ਸੁਣਾਈ। ਉਸ ਨੇ ਤਿੰਨ ਹੋਰ ਮੁਲਜ਼ਮਾਂ ਦੇ ਨਾਂ ਪੁਲਿਸ ਨੂੰ ਦੱਸੇ। ਇੱਕ ਮੁਲਜ਼ਮ ਨੂੰ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ। ਪੀੜਤਾ ਦੇ ਬਿਆਨ ਪੁਲਿਸ ਹਰਕਤ ਵਿੱਚ ਆਈ ਅਤੇ ਪਰਿਵਾਰ ਦੇ ਕਹਿਣ ’ਤੇ ਐਫਆਈਆਰ ਵਿੱਚ ਬਲਾਤਕਾਰ ਦੀ ਇੱਕ ਹੋਰ ਧਾਰਾ ਸ਼ਾਮਲ ਕੀਤੀ ਗਈ।
13 ਦਿਨ ਬਾਅਦ ਹਾਲਤ ਵਿਗੜੀ ਤਾਂ ਦਿੱਲੀ ਕੀਤਾ ਰੈਫਰ
ਘਟਨਾ ਦੇ 13 ਦਿਨਾਂ ਬਾਅਦ ਵੀ ਜਦ ਲੜਕੀ ਦੀ ਹਾਲਤ ਵਿਗੜਦੀ ਗਈ ਤਾਂ ਅਲੀਗੜ ਦੇ ਜੇਐਨ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਪੀੜਤਾ ਦੀ ਮਾੜੀ ਹਾਲਤ ਨੂੰ ਵੇਖਦਿਆਂ ਉਸ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ਭੇਜ ਦਿੱਤਾ ਗਿਆ।
ਆਖ਼ਰ 29 ਸਤੰਬਰ ਨੂੰ ਸਵੇਰੇ 6 ਵਜੇ ਜ਼ਿੰਦਗੀ ਨਾਲ ਜੰਗ ਲੜ ਰਹੀ ਪੀੜਤਾ ਦੀ ਮੌਤ ਹੋ ਗਈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੀ ਹਾਲਤ ਬੇਹੱਦ ਗੰਭੀਰ ਸੀ। ਉਸ ਨੂੰ ਬਚਾਉਣਾ ਬਹੁਤ ਮੁਸ਼ਕਲ ਸੀ। ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਸਵੇਰੇ 6 ਵਜੇ ਉਸ ਦੇ ਸਾਹ ਰੁਕ ਗਏ। ਇਸ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।
4 ਮੁਲਜ਼ਮਾਂ ਦੀ ਪਛਾਣ
19 ਸਤੰਬਰ ਨੂੰ ਪੁਲਿਸ ਨੂੰ ਪੀੜਤਾ ਦੇ ਗੁਆਂਢ ਵਿੱਚ ਰਹਿੰਦੇ ਇੱਕ ਲੜਕੇ ਬਾਰੇ ਜਾਣਕਾਰੀ ਮਿਲੀ ਕਿ ਉਹ ਕਿਧਰੇ ਲਾਪਤਾ ਹੈ। ਸ਼ੱਕ ਦੇ ਅਧਾਰ ’ਤੇ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਨੇ ਮੁਲਜ਼ਮ ਠਾਕੁਰ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। 23 ਸਤੰਬਰ ਨੂੰ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਇੱਕ ਹੋਰ ਮੁਲਜ਼ਮ ਲਵਕੁਸ਼ ਨੂੰ ਵੀ ਦਬੋਚ ਲਿਆ।
ਇਸ ਮਗਰੋਂ 25 ਸਤੰਬਰ ਨੂੰ ਪੁਲਿਸ ਨੇ ਇੱਕ ਹੋਰ ਮੁਲਜ਼ਮ ਦਾ ਸੁਰਾਗ਼ ਹੱਥ ਲੱਗਣ ’ਤੇ ਮੁਲਜ਼ਮ ਰਵੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 26 ਸਤੰਬੂਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਘਟਨਾ ਦੇ ਆਖ਼ਰੀ ਮੁਲਜ਼ਮ ਰਾਜਕੁਮਾਰ ਉਰਫ ਰਾਮੂ ਨੂੰ ਵੀ ਕਾਬੂ ਕਰ ਲਿਆ।
- ਠਾਕੁਰ ਸੰਦੀਪ ਸਿੰਘ (22 ਸਾਲ): ਉਹ 12ਵੀਂ ਪਾਸ ਹੈ ਅਤੇ ਪਿੰਡ ਵਿੱਚ ਹੀ ਖੇਤੀ ਕਰਦਾ ਹੈ।
- ਲਵਕੁਸ਼ ਸਿੰਘ (19 ਸਾਲ): ਉਹ 10ਵੀਂ ਪਾਸ ਹੈ ਅਤੇ ਪਿੰਡ ਵਿੱਚ ਬੇਰੁਜ਼ਗਾਰ ਵਿਹਲਾ ਘੁੰਮਦਾ ਹੈ।
- ਰਾਮਕੁਮਾਰ ਉਰਫ ਰਾਮੂ (28 ਸਾਲ): ਉਹ 12ਵੀਂ ਪਾਸ ਹੈ। ਮਿਲਕ ਚਿੱਲਰ ’ਤੇ ਕੰਮ ਕਰਦਾ ਹੈ।
- ਰਵੀ ਸਿੰਘ (35 ਸਾਲ): ਉਹ 10 ਵੀਂ ਪਾਸ ਹੈ। ਹਾਥਰਸ ਵਿੱਚ ਪੱਲੇਦਾਰੀ ਕਰਦਾ ਹੈ।
ਪੀੜਤਾ ਦੇ ਪਿਤਾ ਤੇ ਭਰਾ ਵੱਲੋਂ ਹਸਪਤਾਲ ’ਤੇ ਵੱਡੇ ਇਲਜ਼ਾਮ, ਲਾਇਆ ਧਰਨਾ
ਇਸ ਦੇ ਨਾਲ ਹੀ ਪੀੜਤ ਲੜਕੀ ਦੇ ਪਿਤਾ ਅਤੇ ਭਰਾ ਸਫਦਰਜੰਗ ਹਸਪਤਾਲ ਵਿੱਚ ਧਰਨੇ ’ਤੇ ਬੈਠ ਗਏ। ਉਨ੍ਹਾਂ ਦੋਸ਼ ਲਾਇਆ ਕਿ ਪੀੜਤਾ ਦੀ ਲਾਸ਼ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਹਸਪਤਾਲ ਤੋਂ ਹਾਥਰਾਸ ਲਿਜਾਇਆ ਗਿਆ। ਉਨ੍ਹਾਂ ਨੂੰ ਕੋਈ ਪੋਸਟਮਾਰਟਮ ਰਿਪੋਰਟ ਵੀ ਨਹੀਂ ਮਿਲੀ। ਉਨ੍ਹਾਂ ਕਿਸੇ ਦਸਤਾਵੇਜ਼ ਤੇ ਹਸਤਾਖ਼ਰ ਨਹੀਂ ਕੀਤੇ। ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ’ਤੇ ਇਲਜ਼ਾਮ ਲਾਇਆ ਹੈ ਕਿ ਹਸਪਤਾਲ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਲਾਸ਼ ਕਿਵੇਂ ਲੈ ਸਕਦਾ ਹੈ?
ਰਾਤ 2:30 ਵਜੇ ਪੁਲਿਸ ਵੱਲੋਂ ਚੁੱਪਚਾਪ ਸਸਕਾਰ, ਪਰਿਵਾਰ ਘਰ ’ਚ ਬੰਦ
ਪੀੜਤਾ ਦਾ ਮੌਤ ਮਗਰੋਂ ਯੂਪੀ ਪੁਲਿਸ ਨੇ ਮੰਗਲਵਾਰ ਦੀ ਰਾਤ ਨੂੰ ਕਰੀਬ ਢਾਈ ਵਜੇ ਹਨ੍ਹੇਰੇ ਵਿੱਚ ਪੀੜਤਾ ਦਾ ਸਸਕਾਰ ਕੀਤਾ। ਪੁਲਿਸ ’ਤੇ ਇਲਜ਼ਾਮ ਹੈ ਕਿ ਇਸ ਸਮੇਂ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਘਰ ਵਿੱਚ ਬੰਦ ਕਰ ਦਿੱਤਾ ਸੀ। ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਪੀੜਤ ਲੜਕੀ ਦਾ ਪਰਿਵਾਰ ਪੁਲਿਸ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਖੁਦ ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਦੇ ਸਾਮ੍ਹਣੇ ਖੜੇ ਹੋ ਗਏ ਅਤੇ ਗੱਡੀ ਦੇ ਬੋਨਟ ’ਤੇ ਚੜ੍ਹ ਗਏ, ਪਰ ਪੁਲਿਸ ਵਾਲਿਆਂ ਨੇ ਘਰਦਿਆਂ ਨੂੰ ਪਰ੍ਹੇ ਰੱਖ ਪੀੜਤਾ ਦਾ ਸਸਕਾਰ ਕਰ ਦਿੱਤਾ। ਲੜਕੀ ਦੀ ਮਾਂ ਐਂਬੂਲੈਂਸ ਦੇ ਸਾਮ੍ਹਣੇ ਸੜਕ ‘ਤੇ ਲੇਟ ਗਈ ਸੀ, ਪਰ ਪੁਲਿਸ ਨੇ ਉਸ ਨੂੰ ਹਟਾ ਦਿੱਤਾ। ਮ੍ਰਿਤਕਾ ਦੀ ਮਾਂ ਸਸਕਾਰ ਤੋਂ ਬਾਅਦ ਬੇਵੱਸ ਹੋ ਕੇ ਰੋਂਦੀ ਰਹੀ।
ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਨੂੰ ਸੌਂਪਣ ਦੀ ਮੰਗ ਕੀਤੀ ਸੀ ਤਾਂ ਜੋ ਰਵਾਇਤੀ ਤੌਰ ‘ਤੇ ਸਵੇਰੇ ਲੜਕੀ ਦਾ ਸਸਕਾਰ ਕੀਤਾ ਜਾ ਸਕੇ, ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਪਰਿਵਾਰ ਨੂੰ ਮਾਮਲੇ ਤੋਂ ਵੱਖ ਰੱਖਿਆ ਅਤੇ ਚੁੱਪ ਚਾਪ ਰਾਤ ਦੇ ਹਨੇਰੇ ਵਿੱਚ ਮ੍ਰਿਤਕ ਲੜਕੀ ਦੀ ਲਾਸ਼ ਦਾ ਸਸਕਾਰ ਕਰ ਦਿੱਤਾ। ਮਾਪਿਆਂ ਨੂੰ ਦੇਖਣ ਤਕ ਨਹੀਂ ਦਿੱਤਾ ਗਿਆ।
ਮ੍ਰਿਤਕ ਪੀੜਤਾ ਦੇ ਭਰਾ ਦਾ ਇਲਜ਼ਾਮ ਹੈ ਕਿ ਪੁਲਿਸ ਉਨ੍ਹਾਂ ਨੂੰ ਬਗੈਰ ਦੱਸੇ ਲਾਸ਼ ਨੂੰ ਘਰ ਤੋਂ ਦੂਰ ਲੈ ਗਈ ਤੇ ਚੁੱਪ-ਚਾਪ ਖ਼ੁਦ ਹੀ ਸਸਕਾਰ ਕਰ ਦਿੱਤਾ। ਮ੍ਰਿਤਕਾ ਦਾ ਪਿਤਾ ਅਤੇ ਭਰਾ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿੱਚ ਧਰਨੇ ’ਤੇ ਬੈਠ ਗਏ ਸੀ। ਇਸ ਤੋਂ ਬਾਅਦ, ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਕਾਲੀ ਸਕਾਰਪੀਓ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਕਿਤੇ ਹੋਰ ਲੈ ਗਏ। ਪਿੰਡ ਵਾਸੀਆਂ ਨੇ ਇਸ ਦੌਰਾਨ ਪੁਲਿਸ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਖਿਲਾਫ ਭਾਰੀ ਰੋਸ ਹੈ।
ਯੂਪੀ ਦੇ ਸਿਸਟਮ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਟਵਿੱਟਰ ’ਤੇ ਛਿੜੀ ਮੁਹਿੰਮ
29 ਸਤੰਬਰ ਨੁੂੰ ਪੀੜਤਾ ਦੀ ਮੌਤ ਤੋਂ ਬਾਅਦ ਲੋਕ ਕਾਫੀ ਨਾਰਾਜ਼ ਨਜ਼ਰ ਆਏ। ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ। ਮੰਗਲਵਾਰ ਨੂੰ ਟਵਿੱਟਰ ’ਤੇ ਹੈਸ਼ਟੈਗ 7 ਵਜੇ 7 ਮਿੰਟ ਨਾਂ ਦੀ ਕੈਂਪੇਨ ਚਲਾਈ ਗਈ।
ਇਸ ਕੈਂਪੇਨ ਦੇ ਜ਼ਰੀਏ ਲੋਕਾਂ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਲੋਕ ਸੂਬੇ ਦੀ ਯੋਗੀ ਸਰਕਾਰ ਖਿਲਾਫ ਨਾਰਾਜ਼ਗੀ ਕੱਢ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਯੂਪੀ ਦੇ ਸਿਸਟਮ ਕਰਕੇ ਇੱਕ ਧੀ ਮਾਰੀ ਗਈ।
ਘਟਨਾ ’ਤੇ ਮੀਡੀਆ ਚੁੱਪ
ਦੇਸ਼ ਵਿੱਚ ਇੰਨੇ ਵੱਡੇ ਮੁੱਦਿਆਂ ਨੂੰ ਦਰਕਿਨਾਰ ਕਰ ਲੋਕਤੰਤਰ ਦਾ ਥੰਮ ਦੇਸ਼ ਦਾ ਮੀਡੀਆ ਹਾਲੇ ਤਕ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿੱਚ ਵਿਅਸਤ ਹੈ। ਹਾਥਰਸ ਦੇ ਬਲਾਤਕਾਰ ਦੀ ਘਟਨਾ ਵੀ ਇਸੇ ਮੁੱਦੇ ਦੀ ਭੇਟ ਚੜ ਗਿਆ। ਕਿਸੇ ਵੱਡੇ ਨਿਊਜ਼ ਚੈਲਨ ’ਤੇ ਕਿਸੇ ਨੇ ਵੀ ਵੱਡੇ ਪੱਧਰ ’ਤੇ ਇਸ ਘਟਨਾ ਦੀ ਗੱਲ ਨਹੀਂ ਕੀਤੀ। ਇਸ ਤੋਂ ਪਹਿਲਾਂ ਕਿਸਾਨਾਂ ਦਾ ਖੇਤੀ ਬਿੱਲ ਦਾ ਵਿਰੋਧ ਵੀ ਦੀਪਿਕਾ ਪਾਦੁਕੋਣ ਸਮੇਤ ਹੋਰ ਬਾਲੀਵੁੱਡ ਸਿਤਾਰਿਆਂ ਦੀ ਪੁੱਛਗਿੱਛ ਦੀ ਕਵਰੇਜ ਹੇਠ ਦਬਾ ਦਿੱਤਾ ਗਿਆ।
ਹਾਲਾਂਕਿ ਬਾਲੀਵੁੱਡ ਅਦਾਕਾਰ ਖ਼ੁਦ ਸੋਸ਼ਲ ਮੀਡੀਆ ’ਤੇ ਇਸ ਮੁੱਦੇ ਬਾਰੇ ਆਪਣਾ ਪੱਖ ਰੱਖ ਰਹੇ ਹਨ। ਕਈ ਦਿੱਗਜ਼ ਸਿਤਾਰਿਆਂ ਨੇ ਟਵਿੱਟਰ ਰਾਹੀਂ ਹਾਥਰਸ ਬਲਾਤਕਾਰ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ।
ਘਟਨਾ ’ਤੇ ਬਾਲੀਵੁੱਡ ਨੇ ਕੱਢੀ ਭੜਾਸ
ਉੱਤਰ ਪ੍ਰਦੇਸ਼ ਦੇ ਹਥ੍ਰਾਸ ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਲੀਵੁੱਡ ਮਸ਼ਹੂਰ ਲੋਕ ਵੀ ਨਾਰਾਜ਼ ਹਨ। ਮੰਗਲਵਾਰ ਨੂੰ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਸਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਦੋਂ ਬੰਦ ਹੋਣਗੀਆਂ? ਦੋਸ਼ੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ।
Angry & Frustrated!Such brutality in #Hathras gangrape.When will this stop?Our laws & their enforcement must be so strict that the mere thought of punishment makes rapists shudder with fear!Hang the culprits.Raise ur voice to safeguard daughters & sisters-its the least we can do
— Akshay Kumar (@akshaykumar) September 29, 2020
ਇਸ ਦੇ ਨਾਲ ਹੀ ਹੋਰ ਵੀ ਕਈ ਫਿਲਮੀ ਸਿਤਾਰਿਆਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ। ਵੇਖੋ ਫਿਲਮੀ ਹਸਤੀਆਂ ਦੇ ਪ੍ਰਤੀਕਰਮ
Shoot these rapists publicly, what is the solution to these gang rapes that are growing in numbers every year? What a sad and shameful day for this country. Shame on us we failed our daughters #RIPManishaValmiki
— Kangana Ranaut (@KanganaTeam) September 29, 2020
We forgot the Hathras victim. We failed her at every level. This is on our collective conscience.
— Dia Mirza (@deespeak) September 29, 2020
💔 Sad sad day. How much longer can this be allowed to go on .. #Hathras
— Farhan Akhtar (@FarOutAkhtar) September 29, 2020
How long do we have to tolerate these brutal crimes !! The culprits of this horrific crime should be punished #Hathras
— Huma S Qureshi (@humasqureshi) September 29, 2020
ਬਲਾਤਕਾਰ ਦੀ ਘਟਨਾ ’ਤੇ ਸਿਆਸਤ
ਕਾਂਗਰਸ ਵਰਕਰਾਂ ’ਤੇ ਪੁਲਿਸ ਦਾ ਡੰਡਾ
ਯੂਪੀ ਵਿੱਚ ਮੌਜੂਦਾ ਸਥਿਤੀ ਤਣਾਅਪੂਰਨ ਬਣ ਗਈ ਹੈ ਅਤੇ ਹੁਣ ਹਿੰਸਾ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਕਾਂਗਰਸੀ ਵਰਕਰ ਅਤੇ ਸਥਾਨਕ ਲੋਕ ਛੱਪੜ ਦੇ ਚੌਰਾਹੇ ਨੇੜੇ ਦੁਕਾਨਾਂ ਬੰਦ ਕਰ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਥਰਾਅ ਸ਼ੁਰੂ ਹੋ ਗਿਆ। ਪੱਥਰਬਾਜ਼ੀ ਨੂੰ ਵੇਖਦੇ ਹੋਏ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਜਾਣਕਾਰੀ ਮਿਲੀ ਹੈ ਕਿ ਇਕ ਸਾਈਕਲ ਨੂੰ ਅੱਗ ਵੀ ਲੱਗੀ ਹੈ। ਫਿਲਹਾਲ ਸਥਿਤੀ ਨੂੰ ਨਿਯੰਤਰਿਤ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਾਂਗਰਸ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਹੈ।
Maharashtra: Congress workers took out a candlelight march from Dr BR Ambedkar statue to Central Library in Mumbai in protest against the #Hathras (Uttar Pradesh) gangrape incident.
State Ministers Balasaheb Thorat and Yashomati Thakur also participated in the candlelight march. pic.twitter.com/9qDcRtNpaJ
— ANI (@ANI) September 30, 2020
ਘਟਨਾ ਨੂੰ ਸੂਬੇ ਦੇ ਅਮਨ-ਕਾਨੂੰਨ ਨਾਲ ਨਾ ਜੋੜਿਆ ਜਾਵੇ: ਯੋਗੀ ਸਰਕਾਰ
ਮਾਮਲੇ ਭਖਣ ਮਗਰੋਂ ਯੋਗੀ ਸਰਕਾਰ ਦੇ ਮੰਤਰੀ ਅਤੇ ਬੁਲਾਰੇ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ। ਮੁਲਜ਼ਮ ਫੜੇ ਗਏ ਹਨ ਅਤੇ ਲੜਕੀ ਨੂੰ ਜਲਦ ਤੋਂ ਜਲਦ ਨਿਆਂ ਦਿਵਾਇਆ ਜਾਵੇਗਾ। ਘਟਨਾ ਬਾਰੇ ਸਪਸ਼ਟੀਕਰਨ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੂੰ ਰਾਜ ਦੇ ਅਮਨ-ਕਾਨੂੰਨ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ।
ਇਸ ਤੋਂ ਪਹਿਲਾਂ ਹਾਥਰਾਸ ਸਮੂਹਿਕ ਬਲਾਤਕਾਰ ਦੇ ਕੇਸ ਬਾਰੇ ਯੋਗੀ ਆਦਿੱਤਿਆਨਾਥ ਸਿੰਘ ਨੇ ਬੁੱਧਵਾਰ ਨੂੰ ਪਹਿਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੁੱਦੇ ’ਤੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਯੂਪੀ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਇੱਕ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।
Amid an uproar over the cremation of the body of a Dalit gang-rape victim early on Wednesday, #UttarPradesh Chief Minister #YogiAdityanath (@myogiadityanath) spoke to the 19-year-old woman’s father in #Hathras district and offered his condolences.
Photo: IANS (File) pic.twitter.com/UNLpe8I2AX
— IANS Tweets (@ians_india) September 30, 2020
ਪੀੜਤਾ ਦੀ ਜ਼ੁਬਾਨ ਕੱਟਣ ਵਾਲੀ ਗੱਲ ਝੂਠੀ: ਪ੍ਰਸ਼ਾਸਨ
ਹਾਲਾਂਕਿ, ਘਟਨਾ ਦੌਰਾਨ ਪੀੜਤਾ ਦੀ ਜੀਭ ਕੱਟਣ ਦਾ ਵੀ ਇਲਜ਼ਾਮ ਲਾਇਆ ਗਿਆ ਸੀ, ਪਰ ਜ਼ਿਲ੍ਹਾ ਮੈਜਿਸਟ੍ਰੇਟ ਦਾ ਕਹਿਣਾ ਹੈ ਕਿ ਜੀਭ ਕੱਟਣ ਦੀ ਗੱਲ ਝੂਠੀ ਹੈ। ਉਨ੍ਹਾਂ ਕਿਹਾ ਹੈ ਕਿ ਸਾਰੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਸੀ/ਐਸਟੀ ਐਕਟ ਤਹਿਤ ਮੁਕੱਦਮਾ ਲਿਖਿਆ ਗਿਆ ਹੈ। ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।
ਬੀਜੇਪੀ ਨੇਤਾ ਵਿਜੈਵਰਗੀ ਦਾ ਅਜੀਬੋਗਰੀਬ ਬਿਆਨ
ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਸਾਰੇ ਪਾਸੇ ਤੋਂ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਯੂਪੀ ਪੁਲਿਸ ਦੀ ਭੂਮਿਕਾ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੈਲਾਸ਼ ਵਿਜੇਵਰਗੀ ਦਾ ਬਿਆਨ ਆਇਆ ਹੈ। ਵਿਜੇਵਰਗੀ ਨੇ ਆਪਣੀ ਹੀ ਸਰਕਾਰ ਬਾਰੇ ਅਜੀਬ ਬਿਆਨ ਦਿੱਤਾ ਕਿ ਯੋਗੀ ਜੀ ਦੇ ਰਾਜ ਵਿੱਚ ਕਦੀ ਵੀ ਗੱਡੀ ਪਲ਼ਟ ਸਕਦੀ ਹੈ।
#WATCH The accused have been arrested. The case has been sent to a fast-track court. The accused will be sent to jail… Yogi Ji jo wahan ke CM hain, main jaanta hun ki unke pradesh main kabhi bhi gaadi palat jati hai: BJP leader Kailash Vijayvargiya on #Hathras gang-rape case pic.twitter.com/ksSERx3nu0
— ANI (@ANI) September 30, 2020
ਹੁਣ ਵਿਜੇਵਰਗੀ ਦੇ ਇਸ ਬਿਆਨ ਨੂੰ ਗੈਂਗਸਟਰ ਵਿਕਾਸ ਦੂਬੇ ਕੇਸ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਵਿੱਚ ਦੂਬੇ ਨੂੰ ਜਦੋਂ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਲਿਆਂਦਾ ਗਿਆ ਸੀ ਤਾਂ ਕਥਿਤ ਤੌਰ ’ਤੇ ਪੁਲਿਸ ਦੀ ਗੱਡੀ ਪਲਟ ਗਈ ਸੀ। ਪੁਲਿਸ ਨੇ ਕਿਹਾ ਸੀ ਕਿ ਵਿਕਾਸ ਦੁਬੇ ਨੇ ਵਾਹਨ ਦੇ ਪਲਟ ਜਾਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਉਸ ‘ਤੇ ਗੋਲੀ ਮਾਰਨੀ ਪਈ। ਗੋਲੀ ਲੱਗਣ ਨਾਲ ਦੁਬੇ ਦੀ ਮੌਤ ਹੋ ਗਈ। ਯੂਪੀ ਪੁਲਿਸ ਦੀ ਇਸ ਕਹਾਣੀ ‘ਤੇ ਕਈ ਸਵਾਲ ਖੜੇ ਹੋਏ ਸਨ।
ਯੂਪੀ ਦੇ ਸਿਸਟਮ ’ਤੇ ਵੱਡੇ ਸਵਾਲ?
- ਬਲਾਤਕਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਵੀ ਬਲਾਤਕਾਰ ਦਾ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ?
- ਪੀੜਤਾ ਦਾ ਹਾਲਤ ਗੰਭੀਰ ਹੋਣ ਦੇ ਬਾਵਦੂਜ ਅਲੀਗੜ ਹਸਪਤਾਲ ਕਿਉਂ? ਕੀ ਉੱਥੇ ਉਸ ਦੇ ਇਲਾਜ ਦੀ ਠੀਕ ਵਿਵਸਥਾ ਮੌਜੂਦ ਸੀ? ਹਾਲਤ ਵਿਗੜਨ ’ਤੇ ਹੀ ਦਿੱਲੀ ਰੈਫਰ ਕੀਤਾ ਗਿਆ, ਪਹਿਲਾਂ ਕਿਉਂ ਨਹੀਂ?
- ਪਰਿਵਾਰ ਦੇ ਦਾਅਵੇ ਮੁਤਾਬਕ ਮਾਪਿਆਂ ਨੂੰ ਲੜਕੀ ਦਾ ਪੋਸਟਮਾਰਟਮ ਕਿਉਂ ਨਹੀਂ ਦਿੱਤਾ ਗਿਆ?
- ਪਰਿਵਾਰ ਨੂੰ ਲੜਕੀ ਦੀ ਲਾਸ਼ ਕਿਉਂ ਨਹੀਂ ਮਿਲੀ?
- ਪੁਲਿਸ ਵੱਲੋਂ ਚੁੱਪਚਾਪ ਰਾਤ ਦੇ ਹਨ੍ਹੇਰੇ ਵਿੱਚ ਲੜਕੀ ਦਾ ਸਸਕਾਰ ਕਿਉਂ ਕੀਤਾ ਗਿਆ? ਕਾਨੂੰਨ-ਵਿਵਸਥਾ ਭੰਗ ਹੋਣ ਦਾ ਡਰ ਸੀ ਜਾਂ ਕੁਝ ਹੋਰ?
- ਕੀ ਇਸ ਮਾਮਲੇ ਦਾ ਜਾਤੀਵਾਦ ਨਾਲ ਕੋਈ ਸਬੰਧ ਹੈ?
- ਕੀ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਹੋਏਗੀ ਜਾਂ ਹੈਦਰਾਬਾਦ ਦੀ ਘਟਨਾ ਵਾਂਗ ਇਸ ਕੇਸ ਵਿੱਚ ਵੀ ਮੁਲਜ਼ਮਾਂ ਨੂੰ ‘ਐਨਕਾਉਂਟਰ’ ਕਰਕੇ ਸਜ਼ਾ ਦਿੱਤੀ ਜਾਏਗੀ?