ਬਿਊਰੋ ਰਿਪੋਰਟ (ਕੈਥਲ, 11 ਦਸੰਬਰ 2025): ਹਰਿਆਣਾ ਵਿੱਚ ਚਰਚਾ ਦਾ ਵਿਸ਼ਾ ਬਣੇ ਵੀ.ਆਈ.ਪੀ. ਨੰਬਰ HR88 B 8888 ਨੂੰ ਆਖ਼ਰਕਾਰ ਕੈਥਲ ਦੇ ਇੱਕ ਪ੍ਰਾਪਰਟੀ ਡੀਲਰ ਨੇ ਖਰੀਦ ਲਿਆ ਹੈ। ਇਸ ਪ੍ਰਾਪਰਟੀ ਡੀਲਰ ਨੇ ਇਹ ਨੰਬਰ ਆਪਣੀ ਪਤਨੀ ਦੇ ਨਾਮ ’ਤੇ 37 ਲੱਖ 51 ਹਜ਼ਾਰ ਰੁਪਏ ਵਿੱਚ ਖਰੀਦਿਆ ਹੈ।
ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ ਉਸ ਲਈ ਅੱਠ (8) ਦਾ ਅੰਕ ਬਹੁਤ ਲੱਕੀ ਹੈ। ਉਹਨਾਂ ਕੋਲ ਪਹਿਲਾਂ ਹੀ HR87S8888 ਨੰਬਰ ਹੈ, ਜੋ ਉਹਨਾਂ ਦੀ ਹੁੰਡਈ ਕੰਪਨੀ ਦੀ ਅਲਕਾਜ਼ਰ ਕਾਰ ’ਤੇ ਲੱਗਾ ਹੋਇਆ ਹੈ। ਨਵਾਂ ਨੰਬਰ HR88 B 8888 ਲਗਾਉਣ ਲਈ ਉਹ ਜਲਦ ਹੀ ਇੱਕ ਨਵਾਂ ਵਾਹਨ ਖ਼ਰੀਦਣਗੇ।
ਪ੍ਰਾਪਰਟੀ ਡੀਲਰ ਸੰਦੀਪ ਚਾਹਲ ਨੇ ਦੱਸਿਆ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਇਸ ਦੇ ਨਾਲ ਹੀ ਪ੍ਰਾਪਰਟੀ ਡੀਲਿੰਗ ਅਤੇ ਹੋਲ ਸੇਲ ਮੋਬਾਈਲ ਦਾ ਕੰਮ ਵੀ ਕਰਦੇ ਹਨ। ਸੰਦੀਪ ਚਾਹਲ ਕੋਲ ਲਗਭਗ ਇੱਕ ਦਰਜਨ ਗੱਡੀਆਂ ਹਨ, ਜਿਨ੍ਹਾਂ ਸਾਰਿਆਂ ’ਤੇ ਵੀ.ਆਈ.ਪੀ. ਨੰਬਰ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ‘8’ ਦੀ ਗਿਣਤੀ ਜ਼ਿਆਦਾ ਹੈ।
ਪਹਿਲਾਂ ਦੀ ਨਿਲਾਮੀ ਅਤੇ ਵਿਵਾਦ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਵੀ.ਆਈ.ਪੀ. ਨੰਬਰ HR88 B 8888 ਦੀ ਬੋਲੀ ਹਿਸਾਰ ਦੇ ਇੱਕ ਕਾਰੋਬਾਰੀ ਨੇ 1 ਕਰੋੜ 17 ਲੱਖ ਰੁਪਏ ਲਗਾਈ ਸੀ। ਹਾਲਾਂਕਿ, ਉਹ ਪੂਰੀ ਰਕਮ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਿਹਾ।
ਇਸ ਮਾਮਲੇ ਦੀ ਲਗਾਤਾਰ ਚਰਚਾ ਹੋਣ ਕਾਰਨ ਇਹ ਮਾਮਲਾ ਤਤਕਾਲੀਨ ਟਰਾਂਸਪੋਰਟ ਮੰਤਰੀ ਅਨਿਲ ਵਿਜ ਤੱਕ ਪਹੁੰਚ ਗਿਆ ਸੀ, ਜਿਨ੍ਹਾਂ ਨੇ ਆਮਦਨ ਕਰ ਵਿਭਾਗ (Income Tax Department) ਨੂੰ ਜਾਂਚ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਦੁਬਾਰਾ ਹੋਈ ਨਿਲਾਮੀ ਵਿੱਚ ਕੈਥਲ ਦੇ ਸੰਦੀਪ ਚਾਹਲ ਨੇ ਇਹ ਨੰਬਰ ਆਪਣੀ ਪਤਨੀ ਦੇ ਨਾਮ ’ਤੇ ਖ਼ਰੀਦ ਲਿਆ।

