ਸੋਨਾਲੀ ਫੋਗਾਟ ਨੇ ਬੀਜੇਪੀ ਵੱਲੋਂ ਵਿਧਾਨਸਭਾ ਦੀ ਚੋਣ ਲੜੀ ਸੀ,Big Boss ਵਿੱਚ ਵੀ ਹਿੱਸਾ ਲਿਆ ਸੀ
ਖਾਲਸ ਬਿਊਰੋ:ਬੀਜੇਪੀ ਦੀ ਆਗੂ ਅਤੇ ਹਰਿਆਣਾ ਦੀ TIC TOK STAR ਸੋਨਾਲੀ ਫੋਗਾਟ ਦੀ ਮੌਤ ਹੋ ਗਈ ਹੈ।ਹਿਸਾਰ ਦੀ ਰਹਿਣ ਵਾਲੀ ਸੋਨਾਲੀ ਦੀ ਮੌਤ ਗੋਆ ਵਿੱਚ ਹੋਈ ਹੈ ਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਮੌਤ ਦੇ ਪਿੱਛੇ ਕੀ ਕਾਰਨ ਹੈ ,ਇਹ ਫਿਲਹਾਲ ਸਾਫ਼ ਨਹੀਂ ਹੋ ਸਕਿਆ ਹੈ।ਸੋਨਾਲੀ ਦੀ ਇੱਕ ਹੀ ਧੀ ਹੈ ,ਜਦੋਂਕਿ 2016 ਵਿੱਚ ਉਨ੍ਹਾਂ ਦੇ ਪਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮਸ਼ਹੂਰ ਹੋਣ ਤੋਂ ਬਾਅਦ ਸੋਨਾਲੀ ਫੋਗਾਟ ਸਿਆਸਤ ਵਿੱਚ ਆ ਗਈ ਅਤੇ ਹਰਿਆਣਾ ਬੀਜੇਪੀ ਵਿੱਚ ਸ਼ਾਮਲ ਹੋ ਗਈ। 2019 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਦਮਪੁਰ ਹਲਕੇ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ ਪਰ ਹਾਰ ਗਈ ਸੀ ।ਉਹ ਲਗਾਤਾਰ ਆਪਣੇ ਹਲਕੇ ਵਿੱਚ ਕ੍ਰਿਆਸ਼ੀਲ ਰਹੀ । ਹਰਿਆਣਾ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਨਵੀਨ ਜੈ ਹਿੰਦ ਨੇ ਸੋਨਾਲੀ ਦੀ ਮੌਤ ‘ਤੇ ਸ਼ੱਕ ਜ਼ਾਹਿਰ ਕੀਤਾ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਜਾਂਚ ਦੀ ਮੰਗ ਕੀਤੀ ਹੈ।ਮੌਤ ਤੋਂ ਕੁਝ ਘੰਟੇ ਪਹਿਲਾਂ ਸੋਨਾਲੀ ਨੇ ਇੱਕ ਫੇਸਬੁਕ ਪੋਸਟ ਵੀ ਕੀਤੀ ਸੀ।
ਸੋਨਾਲੀ ਦੀ ਅਖੀਰਲੀ ਫੇਸਬੁਕ ਪੋਸਟ
ਸੋਨਾਲੀ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਫੇਸਬੁਕ ਪੋਸਟ ਵੀ ਅਪਲੋਡ ਕੀਤੀ ਸੀ,ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ‘ਦਬੰਗ ਲੇਡੀ, ਰੀਅਲ ਬੋਸ ਲੇਡੀ,ਆਲ ਰੇਡੀ ਸਮਾਇਲ’ ਇਸ ਵਿੱਚ ਕੋਈ ਸ਼ੱਕ ਨਹੀਂ ਹੈ ।TIC TOK ਤੋਂ ਮਸ਼ਹੂਰ ਹੋਈ ਸੋਨਾਲੀ ਫੋਗਾਟ ਆਪਣੀ ਨਿਜੀ ਜ਼ਿੰਦਗੀ ਵਿੱਚ ਦਬੰਗ ਸੁਭਾਅ ਨਾਲ ਜਾਣੀ ਜਾਂਦੀ ਸੀ। BIG BOSS ਵਿੱਚ ਉਨ੍ਹਾਂ ਦੀ ਅਕਸਰ ਆਪਣੇ ਸਾਥੀ ਕਲਾਕਾਰਾਂ ਨਾਲ ਲੜਾਈ ਹੁੰਦੀ ਰਹਿੰਦੀ ਸੀ।
ਜਦੋਂ ਉਹ ਬੀਜੇਪੀ ਵਿੱਚ ਸ਼ਾਮਲ ਹੋਈ ਤਾਂ ਵੀ ਉਹ ਵਿਵਾਦਾਂ ਵਿੱਚ ਘਿਰੀ ਰਹੀ ।ਉਨ੍ਹਾਂ ਦਾ ਬੂਟ ਨਾਲ ਮਾਰਨ ਵਾਲਾ ਕਾਂਡ ਕਾਫੀ ਚਰਚਾ ਵਿੱਚ ਰਿਹਾ ਸੀ।ਬੀਜੇਪੀ ਆਗੂ ਸੋਨਾਲੀ ਨੇ ਹਿਸਾਰ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਬੂਟ ਨਾਲ ਕੁੱਟਿਆ ਸੀ।ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ ।ਜਿਸ ਤੋਂ ਬਾਅਦ ਸੋਨਾਲੀ ਫੋਗਾਟ ਖਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਹੋਇਆ ਸੀ।
ਅਖੀਰਲੀ ਸਿਆਸੀ ਮੁਲਾਕਾਤ
2019 ਵਿੱਚ ਸੋਨਾਲੀ ਫੋਗਾਟ ਆਦਮਪੁਰ ਹਲਕੇ ਤੋਂ ਬੀਜੇਪੀ ਦੀ ਉਮੀਦਵਾਰ ਸੀ ਪਰ ਉਹ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਤੋਂ 29 ਹਜ਼ਾਰ 471 ਵੋਟਾਂ ਦੇ ਫਰਕ ਨਾਲ ਹਾਰ ਗਈ ਸੀ।ਹੁਣ ਜਦੋਂ ਪਿਛਲੇ ਮਹੀਨੇ ਕੁਲਦੀਪ ਬਿਸ਼ਨੋਈ ਬੀਜੇਪੀ ਵਿੱਚ ਸ਼ਾਮਲ ਹੋਏ ਤਾਂ ਬਿਸ਼ਨੋਈ ਨੇ ਆਪ ਸੋਨਾਲੀ ਫੋਗਾਟ ਦੇ ਘਰ ਜਾਕੇ ਮੁਲਾਕਾਤ ਕੀਤੀ ਸੀ ਅਤੇ ਸਿਆਸੀ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ।