ਬਿਊਰੋ ਰਿਪੋਰਟ : ਗਾਇਕ ਸਿੱਧੂ ਮੂਸੇਵਾਲਾ (sidhu moosawala) ਦੇ ਜਿੰਨੇ ਫੈਨਸ ਪੰਜਾਬ ਵਿੱਚ ਸਨ ਉਸ ਤੋਂ ਵੀ ਜ਼ਿਆਦਾ ਚਾਉਣ ਵਾਲੇ ਹਰਿਆਣਾ ਵਿੱਚ ਸਨ । ਇਸੇ ਲਈ ਸਿੱਧੂ ਦੇ ਕਤਲ ਦੀ ਖ਼ਬਰ ਨੇ ਹਰਿਆਣਾ ਨੂੰ ਝਿੰਝੋੜ ਕੇ ਰੱਖ ਦਿੱਤਾ ਸੀ। ਹੁਣ ਹਰਿਆਣਾ ਵਿੱਚ ਸਿੱਧੂ ਮੂਸੇਵਾਲਾ ਦਾ ਵੱਡਾ ਬੁੱਤ ਲੱਗਣ ਜਾ ਰਿਹਾ ਹੈ ਜਿਸ ਦਾ ਆਰਡਰ ਜੈਪੁਰ ਦੇ ਮਸ਼ਹੂਰ ਮੂਰਤੀਕਾਰ ਨੂੰ ਦਿੱਤਾ ਗਿਆ ਹੈ । ਇਹ ਬੁੱਤ ਬੀਜੇਪੀ ਨਾਲ ਹਰਿਆਣਾ ਸਰਕਾਰ ਵਿੱਚ ਭਾਈਵਾਲ JJP ਵੱਲੋਂ ਲਗਵਾਇਆ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਪਹਿਲਾਂ ਜਨਨਾਇਕ ਜਨਤਾ ਪਾਰਟੀ ਦੇ ਜਰਨਲ ਸਕੱਤਰ ਦਿਗਵਿਜੇ ਸਿੰਘ ਚੌਟਾਲਾ ਨੇ ਜੈਪੁਰ ਦੌਰੇ ਦੌਰਾਨ ਮਸ਼ਹੂਰ ਮੂਰਤੀਕਾਰ ਦੇ ਕੋਲ ਪਹੁੰਚ ਕੇ ਸਿੱਧੂ ਮੂਸੇਵਾਲਾ ਦਾ ਬੁੱਤ ਬਣਾਉਣ ਦਾ ਆਰਡਰ ਦਿੱਤਾ ਸੀ।ਹਾਲਾਂਕਿ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਹੈ ਬੁੱਤ ਕਿਸ ਧਾਤੂ ਦਾ ਬਣੇਗਾ । ਉਧਰ ਸਿੱਧੂ ਮੂਸੇਵਾਲਾ ਦਾ ਬੁੱਤ ਕਿਸ ਥਾਂ ‘ਤੇ ਲਗਾਇਆ ਜਾਵੇਗਾ ਇਹ ਫਿਲਹਾਲ ਤੈਅ ਨਹੀਂ ਪਰ ਇੱਕ ਥਾਂ ਦੀ ਕਾਫ਼ੀ ਚਰਚਾ ਹੈ ।
ਇਸ ਥਾਂ ‘ਤੇ ਲੱਗ ਸਕਦਾ ਹੈ ਬੁੱਤ
ਹਰਿਆਣਾ ਦੇ ਡਬਵਾਲੀ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਲੱਗ ਸਕਦਾ ਹੈ। ਇਹ ਜੇ.ਜੇ.ਪੀ ਦਾ ਗੜ੍ਹ ਦੱਸਿਆ ਜਾਂਦਾ ਹੈ। ਡਬਵਾਲੀ ਦੇ ਕਿਸੇ ਸਰਹੱਦੀ ਪਿੰਡ ਵਿੱਚ ਇਸ ਨੂੰ ਲਗਾਉਣ ਦੀਆਂ ਚਰਚਾਵਾਂ ਹਨ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਜੇ.ਜੇ.ਪੀ ਦੇ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਗਏ ਸਨ। ਉਸ ਵੇਲੇ ਉਨ੍ਹਾਂ ਨੇ ਪਰਿਵਾਰ ਨੂੰ ਦੱਸਿਆ ਸੀ ਪੰਜਾਬ ਦੇ ਨਾਲ ਲੱਗ ਦੇ ਹਰਿਆਣਾ ਦੇ ਡਬਵਾਲੀ ਵਿੱਚ ਉਹ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਉਣਗੇ ਕਿਉਂਕਿ ਸਾਰੇ ਉਨ੍ਹਾਂ ਨੂੰ ਪਸੰਦ ਕਰਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜਿੰਨਾਂ ਮੂਸੇਵਾਲਾ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਸਨ ਉਸ ਤੋਂ ਵੀ ਵੱਧ ਪਿਆਰ ਹਰਿਆਣਾ ਦੇ ਲੋਕ ਕਰਦੇ ਸਨ । ਦਿਗਵਿਜੇ ਚੌਟਾਲਾ ਨੇ ਜੈਪੁਰ ਦੇ ਜਿਸ ਮੂਰਤੀਕਾਰ ਨੂੰ ਸਿੱਧੂ ਮੂਸੇਵਾਲਾ ਦਾ ਬੁੱਤ ਬਣਾਉਣ ਦਾ ਆਰਡਰ ਦਿੱਤਾ ਹੈ ਉਸ ਨੇ ਚੌਧਰੀ ਦੇਵੀ ਲਾਲ,ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀ ਬੁੱਤ ਬਣਾਇਆ ਸੀ। ਇਸ ਤੋਂ ਪਹਿਲਾਂ ਸਿੱਧੂ ਦੀ ਹਵੇਲੀ ਦੇ ਸਾਹਮਣੇ ਖੇਤਾਂ ਵਿੱਚ ਵੀ ਸਿੱਧੂ ਦਾ ਬੁੱਤ ਲਗਾਇਆ ਗਿਆ ਹੈ । ਜਿੱਥੇ ਉਸ ਦੇ ਫੈਨਸ ਆਉਂਦੇ ਹਨ ਅਤੇ ਉਸ ਨੂੰ ਸ਼ਰਧਾਂਜਲੀ ਦਿੰਦੇ ਹਨ। ਸਿੱਧੂ ਦੇ ਮਾਤਾ-ਪਿਤਾ ਵੀ ਕਈ ਵਾਰ ਉੱਥੇ ਹੀ ਲੋਕਾਂ ਨੂੰ ਮਿਲ ਦੇ ਹਨ ।
29 ਮਈ ਨੂੰ ਹੋਇਆ ਸੀ ਸਿੱਧੂ ਦਾ ਕਤਲ
ਲਾਰੈਂਸ ਅਤੇ ਗੋਲਡੀ ਬਰਾੜ ਦੇ ਸ਼ੂਟਰਾਂ ਨੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਵਿੱਚ ਕਤਲ ਕੀਤਾ ਸੀ। ਉਸ ‘ਤੇ AK-47 ਤੋਂ ਇਲਾਵਾ .30 ਬੋਰ ਅਤੇ 9 MM ਪਿਸਤੌਲ ਨਾਲ ਹਮਲਾ ਕੀਤਾ ਗਿਆ ਸੀ। ਮੂਸੇਵਾਲਾ ਨੂੰ ਹਮਲੇ ਦੌਰਾਨ 7 ਗੋਲੀਆਂ ਲੱਗੀਆਂ ਸਨ। ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੁਣ ਤੱਕ 4 ਸ਼ੂਟਰ ਫੜੇ ਸਨ ਜਦਕਿ 2 ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਐਂਕਾਉਂਟਰ ਦੌਰਾਨ ਮਾਰ ਦਿੱਤਾ ਸੀ ।