‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਦੇ ਬਸਤਾੜਾ ਟੋਲ–ਪਲਾਜ਼ਾ ਉੱਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਤਸ਼ੱਦਦ ਦੇ ਬਾਅਦ ਕਿਸਾਨ ਸਮਰਥਕਾਂ ਤੇ ਸੱਤਾ ਧਿਰ ਦੇ ਲੀਡਰਾਂ ਦਾ ਗੁੱਸਾ ਉਬਾਲੇ ਮਾਰ ਰਿਹਾ ਹੈ। ਇਕ ਤਰ੍ਹਾਂ ਨਾਲ ਖੱਟਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੀ ਇਹ ਵਧੀਕੀ ਮਹਿੰਗੀ ਪੈਂਦੀ ਦਿਸ ਰਹੀ ਹੈ। ਇਸੇ ਕੜੀ ਵਿੱਚ ਖੱਟਰ ਸਰਕਾਰ ਨੂੰ ਸਮਰਥਨ ਦੇ ਰਹੀ ਜਨਨਾਇਕ ਜਨਤਾ ਪਾਰਟੀ ਯਾਨੀ ਕਿ ਜੇਜੇਪੀ ਦੀ ਲੀਡਰ ਸੰਤੋਸ਼ ਦਹੀਆ ਨੇ ਕਰਨਾਲ ਵਿੱਚ ਕਿਸਾਨਾਂ ਉੱਤੇ ਇਸ ਅੰਨ੍ਹੇਵਾਹ ਕਾਰਵਾਈ ਤੋਂ ਦੁਖੀ ਹੋ ਕੇ ਪਾਰਟੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੰਤੋਸ਼ ਦਹੀਆ ਨੇ ਸਾਲ 2019 ਵਿੱਚ ਜੇਜੇਪੀ ਦੀ ਟਿਕਟ ਉੱਤੇ ਲਾਡਵਾ ਵਿਧਾਨ ਸਭਾ ਤੋਂ ਚੋਣ ਲੜੀ ਸੀ ਤੇ ਦਹੀਆ ਜੇਜੇਪੀ ਵਿੱਚ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਅਤੇ ਚਾਰ ਜ਼ਿਲ੍ਹਿਆਂ ਕੈਥਲ, ਕੁਰੂਕਸ਼ੇਤਰ, ਕਰਨਾਲ, ਅੰਬਾਲਾ ਦੀ ਮਹਿਲਾ ਇੰਚਾਰਜ ਵੀ ਰਹਿ ਚੁੱਕੀ ਹੈ।ਇਸ ਤੋਂ ਇਲਾਵਾ ਸੰਤੋਸ਼ ਦਹੀਆ ਸਰਵ ਜਾਤੀ ਸਰਵ ਖਾਪ ਮਹਿਲਾ ਹਰਿਆਣਾ ਦੀ ਪ੍ਰਧਾਨ ਵੀ ਹੈ।ਸੰਤੋਸ਼ ਦਹੀਆ ਦਾ ਕਹਿਣਾ ਹੈ ਕਿ ਜੇਜੇਪੀ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੀ ਹੋਈ ਸੀ, ਉਨ੍ਹਾਂ ਨੂੰ ਉਮੀਦ ਸੀ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਜਾਵੇਗਾ ਪਰ ਇਹ ਹਾਲਾਤ ਹੋਰ ਵਿਗੜ ਰਹੇ ਹਨ।
ਐੱਸਡੀਐੱਮ ਦੀ ਵਾਇਰਲ ਹੋਈ ਵੀਡੀਓ ਦਾ ਵੀ ਜਿਕਰ
ਸੰਤੋਸ਼ ਦਹੀਆ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਨਾਲ ਦੇ ਐਸਡੀਐਮ ਪੁਲਿਸ ਨੂੰ ਹੁਕਮ ਦੇ ਰਹੇ ਹਨ ਕਿ ਜੇ ਕੋਈ ਅੰਦਰ ਆਉਂਦਾ ਹੈ ਤਾਂ ਉਸ ਦਾ ਸਿਰ ਭੰਨ ਦਿਓ। ਐਸਡੀਐਮ ਪੁਲਿਸ ਕਰਮਚਾਰੀਆਂ ਨੂੰ ਇਹ ਵੀ ਕਹਿ ਰਹੇ ਹਨ ਕਿ ਮੈਂ ਕਿਸੇ ਵੀ ਹਾਲਤ ਵਿੱਚ ਇੱਥੋਂ ਦੇ ਕਿਸਾਨਾਂ ਨੂੰ ਨਹੀਂ ਵੇਖਣਾ ਚਾਹੁੰਦਾ।ਇੱਥੇ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਹਰਿਆਣਾ ਸਰਕਾਰ ਦੇ ਆਪਣੇ ਕਈ ਲੀਡਰ ਸਰਕਾਰ ਦੀ ਇਸ ਕਾਰਵਾਈ ਨੂੰ ਗਲਤ ਮੰਨ ਰਹੇ ਹਨ ਤੇ ਸਰਕਾਰ ਨੂੰ ਇਸ ਉਤੇ ਠੰਡੇ ਦਿਮਾਗ ਨਾਲ ਸੋਚਣ ਦੀ ਨਸੀਹਤ ਦੇ ਰਹੇ ਹਨ।