ਹਰਿਆਣਾ : ਬਲਾਤਕਾਰੀ ਸਾਧ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਤੜਕਸਾਰ ਹੀ ਉਹ ਸੁਨਾਰੀਆ ਜੇਲ ਤੋਂ ਸਿਰਸਾ ਲਈ ਰਵਾਨਾ ਹੋ ਗਿਆ। ਦੱਸ ਦੇਈਏ ਕਿ ਉਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਬਲਾਤਕਾਰੀ ਸਾਧ ਸਵੇਰੇ ਜੇਲ ਤੋਂ ਸਿੱਧਾ ਸਿਰਸਾ ਲਈ ਰਵਾਨਾ ਹੋ ਗਿਆ। ਰਾਮ ਰਹੀਮ ਨੂੰ ਹਰਿਆਣਾ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਸਿਰਸਾ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 29 ਅਪ੍ਰੈਲ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਹੈ।
ਇਸ ਤੋਂ ਪਹਿਲਾਂ ਸੌਦਾ ਸਾਧ ਨੂੰ ਵੱਡੀ ਰਾਹਤ ਮਿਲੀ ਹੈ। ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਡੇਰੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ। ਪਿਛਲੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸੌਦਾ ਸਾਧ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਸੌਦਾ ਸਾਧ ਨੂੰ 14ਵੀਂ ਵਾਰ ਪੈਰੋਲ ਅਤੇ ਫਰਲੋ ਮਿਲੀ ਹੈ। ਸੌਦਾ ਸਾਧ ਦੀ ਗੋਦ ਲਈ ਧੀ ਹਨੀਪ੍ਰੀਤ ਸਿਰਸਾ ਤੋਂ ਉਸ ਨੂੰ ਲੈਣ ਲਈ ਪਹੁੰਚੀ ਸੀ।
ਰਾਮ ਰਹੀਮ ਨੂੰ ਕਦੋਂ-ਕਦੋਂ ਪੈਰੋਲ ਅਤੇ ਫਰਲੋ ਮਿਲੀ:
- ਅਕਤੂਬਰ 2020: ਮਾਂ ਦੀ ਸਿਹਤ ਖਰਾਬ ਹੋਣ ‘ਤੇ 21 ਦਿਨ ਦੀ ਪੈਰੋਲ।
- ਮਈ 2021: ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ।
- ਫਰਵਰੀ 2022: ਪਰਿਵਾਰ ਨਾਲ ਮਿਲਣ ਲਈ 21 ਦਿਨ ਦੀ ਫਰਲੋ।
- ਜੂਨ 2022: 30 ਦਿਨ ਦੀ ਪੈਰੋਲ ‘ਤੇ ਧਾਰਮਿਕ ਅਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ।
- ਅਕਤੂਬਰ 2022: ਦਿਵਾਲੀ ‘ਤੇ 40 ਦਿਨ ਦੀ ਪੈਰੋਲ।
- ਜਨਵਰੀ 2023: 40 ਦਿਨ ਦੀ ਪੈਰੋਲ ‘ਤੇ ਆਨਲਾਈਨ ਸਤਸੰਗ।
- ਜੁਲਾਈ 2023: 30 ਦਿਨ ਦੀ ਪੈਰੋਲ।
- ਨਵੰਬਰ 2023: 21 ਦਿਨ ਦੀ ਫਰਲੋ, ਬਾਗਪਤ ਆਸ਼ਰਮ ਵਿੱਚ ਪ੍ਰਵਾਸ।
- ਜਨਵਰੀ 2024: 50 ਦਿਨ ਦੀ ਫਰਲੋ।
- ਅਗਸਤ 2024: 21 ਦਿਨ ਦੀ ਫਰਲੋ, ਕਈ ਕਾਰਜਕ੍ਰਮਾਂ ਵਿੱਚ ਭਾਗ ਲਿਆ।
- ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੁਣਾਵਾਂ ਤੋਂ ਪਹਿਲਾਂ ਪੈਰੋਲ।
- 28 ਜਨਵਰੀ 30 ਦਿਨ ਦੀ ਪੈਰੋਲ ਮਿਲੀ
ਰਾਮ ਰਹੀਮ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 11 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।