The Khalas Tv Blog Punjab ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਅੰਗਰੇਜ਼ਾਂ ਵਾਂਗ ਕੀਤਾ ਜਾ ਰਿਹਾ ਹੈ ਤਸ਼ੱਦਦ – ਜਥੇਦਾਰ ਹਰਪ੍ਰੀਤ ਸਿੰਘ
Punjab

ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਅੰਗਰੇਜ਼ਾਂ ਵਾਂਗ ਕੀਤਾ ਜਾ ਰਿਹਾ ਹੈ ਤਸ਼ੱਦਦ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦੇਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਵਿੱਚ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਵਰਗਾਂ ਦੇ ਲੋਕਾਂ ਨੂੰ ਕਿਸਾਨਾਂ ਦੀ ਮਦਦ ਕਰਨ ਵਾਸਤੇ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸਰਕਾਰ ਵੱਲੋਂ ਲੋਕ ਰੋਹ ਨੂੰ ਦਬਾਉਣ ਲਈ ਲੋਕਾਂ ’ਤੇ ਤਸ਼ੱਦਦ ਕੀਤਾ ਜਾਂਦਾ ਸੀ ਪਰ ਅੱਜ ਅਜ਼ਾਦ ਭਾਰਤ ਵਿੱਚ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।

ਸਰਦੀ ਦੇ ਮੌਸਮ ਵਿੱਚ ਠੰਢੇ ਪਾਣੀ ਦੀਆਂ ਬੁਛਾੜਾਂ ਕਿਸਾਨਾਂ ’ਤੇ ਮਾਰੀਆਂ ਗਈਆਂ ਹਨ, ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਲੋਕਪਾਲ ਬਿੱਲ ਦੇ ਖਿਲਾਫ ਮੋਰਚਾ ਲਾ ਸਕਦਾ ਹੈ, ਧਰਨਾ ਦੇ ਸਕਦਾ ਹੈ ਅਤੇ ਆਪਣੀ ਆਵਾਜ਼ ਭਾਰਤੀ ਪਾਰਲੀਮੈਂਟ ਤੱਕ ਪਹੁੰਚਾਉਣ ਦਾ ਯਤਨ ਕਰ ਸਕਦਾ ਹੈ ਪਰ ਭਾਰਤੀ ਕਿਸਾਨ ਅਜਿਹਾ ਕਿਉਂ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਇਹ ਲੜਾਈ ਬੀਜੇਪੀ ਸਰਕਾਰ ਬਨਾਮ ਭਾਰਤ ਦਾ ਕਿਸਾਨ ਹੈ। ਇਹ ਕਿਸਾਨਾਂ ਦੀ ਲੜਾਈ ਹੈ ਪਰ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਇਸ ਲੜਾਈ ਨੂੰ ਪੰਜਾਬ ਬਨਾਮ ਕਿਸਾਨ ਬਣਾਉਣ ਦਾ ਯਤਨ ਕਰਨਗੀਆਂ, ਜਿਸ ਤੋਂ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਰਕਾਰ ਵੱਲੋਂ ਇਸ ਲੜਾਈ ਨੂੰ ਸਿੱਖ ਬਨਾਮ ਦਿੱਲੀ ਜਾਂ ਪੰਜਾਬ ਬਨਾਮ ਦਿੱਲੀ ਵੀ ਬਣਾਇਆ ਜਾ ਸਕਦਾ ਹੈ।

Exit mobile version