ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਦੇ ਵਿਚਾਲੇ ਹਰਿਆਣਾ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ। ਸੂਬੇ ਦੀ ਸੈਣੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ। 3 ਅਜ਼ਾਦ ਉਮੀਦਵਾਰਾਂ ਨੇ ਹਮਾਇਤ ਵਾਪਸ ਲੈ ਲਈ ਹੈ। ਇੰਨਾਂ ਅਜ਼ਾਦ ਵਿਧਾਇਕਾਂ ਵਿੱਚੋਂ ਪੁੰਡਰੀ ਦੇ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੋਂਦਰ, ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਸ਼ਾਮਲ ਹੈ।
ਮਾਰਚ ਵਿੱਚ ਬੀਜੇਪੀ ਨੇ JJP ਨਾਲ ਗਠਜੋੜ ਟੁੱਟਣ ਤੋਂ ਬਾਅਦ ਅਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਸਰਕਾਰ ਬਣਾਈ ਸੀ। ਤਿੰਨ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਕੋਲੋ ਬਹੁਮਤ ਤੋਂ ਘੱਟ ਗਿਣਤੀ ਵਿੱਚ ਹੋਣ ਦੀ ਵਜ੍ਹਾ ਕਰਕੇ ਅਸਤੀਫਾ ਮੰਗ ਲਿਆ ਹੈ। ਹੱਡਾ ਨੇ ਮੰਗ ਕੀਤੀ ਹੈ ਕਿ ਸੈਣੀ ਤੋਂ ਅਸਤੀਫਾ ਲੈਕੇ ਵਿਧਾਨਸਭਾ ਚੋਣਾਂ ਕਰਵਾਇਆ ਜਾਣ।
90 ਵਿਧਾਇਕਾਂ ਵਾਲੀ ਹਰਿਆਣਾ ਵਿਧਾਨਸਭਾ ਵਿੱਚ ਫਿਲਹਾਲ 88 ਵਿਧਾਇਕ ਹਨ। ਇਸ ਵਿੱਚ ਬੀਜੇਪੀ ਦੇ ਕੋਲ 34 ਵਿਧਾਇਕ ਹਨ। ਜਦਕਿ ਵਿਰੋਧ ਵਿੱਚ 45 ਵਿਧਾਇਕ ਹੋ ਗਏ ਹਨ। ਹਾਲਾਂਕਿ ਇਸ ਦੇ ਬਾਵਜੂਦ ਸੈਣੀ ਸਰਕਾਰ ਨੂੰ ਖਤਰਾ ਨਹੀਂ ਹੈ। ਨਾਇਬ ਸੈਣੀ ਨੇ ਇਸੇ ਸਾਲ 12 ਮਾਰਚ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਇਸ ਦੇ ਬਾਅਦ ਫਲੋਰ ਟੈਸਟ ਪਾਸ ਕੀਤਾ ਸੀ। 2 ਫਲੋਰ ਟੈਸਟ ਦੇ ਵਿਚਾਲੇ 6 ਮਹੀਨੇ ਦਾ ਅੰਤਰ ਜ਼ਰੂਰੀ ਹੈ। ਇਸ ਲਿਹਾਜ਼ ਨਾਲ ਨਾਇਬ ਸਿੰਘ ਸੈਣੀ ਨੂੰ ਮੁੜ ਤੋਂ ਬਹੁਮਤ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਸਾਲ ਅਕਤੂਬਰ-ਨਵੰਬਰ ਵਿੱਚ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਹੋਣਗੀਆਂ ।
ਹੁੱਡਾ ਨੇ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ
ਸਾਬਕਾ ਮੁੱਖ ਮਤੰਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਨੈਤਿਕ ਤੌਰ ਤੇ ਨਾਇਬ ਸੈਣੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਧਰ ਮੁੱਖ ਮੰਤਰੀ ਸੈਣੀ ਨੇ ਤੰਜ ਕੱਸ ਦੇ ਹੋਏ ਕਿਹਾ ਅੱਜ ਕੱਲ ਕਾਂਗਰਸ ਵਿਧਾਇਕਾਂ ਦੀ ਇੱਛਾ ਪੂਰੀ ਕਰਨ ਵਿੱਚ ਲੱਗੀ ਹੋਈ ਹੈ,ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ।