ਚੰਡੀਗੜ੍ਹ : ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਹਰਿਆਣਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਧਾਰਾ 144 ਦੇ ਨੋਟਿਸ ਚਿਪਕਾਏ ਹਨ। ਕਿਸਾਨ ਆਗੂਆਂ ਅਨੁਸਾਰ ਇਹ ਨੋਟਿਸ ਪੰਜਾਬ ਦੇ ਇਲਾਕੇ ਵਿੱਚ ਲਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਬਾਅਦ ਦੁਪਹਿਰ ਦਿੱਲੀ ਵੱਲ ਨੂੰ ਕਿਸਾਨਾਂ ਦਾ ਇੱਕ ਜਥਾ ਕੂਚ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਜਥੇ ਵਿੱਚ ਕਿੰਨੇ ਜਣੇ ਹੋਣਗੇ ਇਸਦੀ ਜਾਣਕਾਰੀ ਉਹ ਅੱਜ 3 ਵਜੇ ਇੱਕ ਪ੍ਰੈਸ ਕਾਨਫੰਰਸ ਕਰਕੇ ਦੇਣਗੇ। ਪੰਧੇਰ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਸਰਕਾਰ ਦੇ ਮੰਤਰੀ ਵਿਰੋਧੀ ਧਿਰ ਦੇ ਲੀਡਰ ਇਹ ਕਹਿ ਰਹੇ ਸੀ ਕਿ ਕਿਸਾਨਾਂ ਦੇ ਟਰੈਕਟਰ ਦੇਸ਼ ਲਈ ਖਤਰਾ ਹਨ, ਇਸ ਲਈ ਕਿਸਾਨ ਦਿੱਲੀ ਪੈਦਲ ਕੂਚ ਕਰਨ।
ਪੰਧੇਰ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਪੈਦਲ ਜਾਣ ਦਾ ਫੈਸਲਾ ਕੀਤਾ ਤਾਂ ਕੱਲ ਹਰਿਆਣਾ ਦੇ ਡੀਸੀ ਨੋਟਿਸ ਆ ਜਾਂਦਾ ਹੈ ਕਿ ਅੰਬਾਲੇ ਅਤੇ ਹਰਿਆਣਾ ਵਿੱਚ ਧਾਰਾ 144 ਲਾਗੂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਹਜ਼ਾਰਾਂ, ਲੱਖਾਂ ਲੋਕ ਇਕੱਠੇ ਹੋ ਰਹੇ ਹਨ ਪਰ ਧਾਰਾ 144 ਸਿਰਫ ਅਤੇ ਸ਼ਿਰਫ ਕਿਸਾਨਾਂ ਲਈ ਹੀ ਲਾਈ ਗਈ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਅਜਿਹਾ ਸਲੂਕ ਕਰ ਰਹੀ ਹੈ ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਲੋਕ ਹੋਣ। ਇਨ੍ਹਾਂ ਨੂੰ ਰੋਕਣ ਲਈ 70 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਲੰਘੇ ਕੱਲ੍ਹ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨਾਂ ਲਈ ਆਵਾਜ਼ ਉਠਾਈ ਹੈ ਮੋਦੀ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਅਣਗੋਲਿਆ ਕਰ ਰਹੀ ਹੈ। ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ, ਗਾਇਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਬੁੱਧੀ ਜੀਵਾਂ ਨੂੰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।