‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਮੋਰਚੇ ਬਾਰੇ ਕਿਸਾਨਾਂ ਨੂੰ ਆਪਣੀ ਨਸੀਹਤ ਦਿੰਦਿਆਂ ਕਿਹਾ ਕਿ ਕਿਸਾਨ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਅਤੇ ਅੰਦੋਲਨ ਕਰਨਾ ਲੋਕਤੰਤਰਿਕ ਅਧਿਕਾਰ ਹੈ ਪਰ ਜਦੋਂ ਕਿਤੇ ਇਸ ਲੋਕਤੰਤਰ ਨੂੰ ਤੋੜਿਆ ਜਾਂਦਾ ਹੈ, ਉਸ ਸਮੇਂ ਪ੍ਰਸ਼ਾਸਨ ਨੂੰ ਵੀ ਕਠਿਨਾਈ ਹੁੰਦੀ ਹੈ ਅਤੇ ਸਰਕਾਰ ਨੂੰ ਵੀ ਕਠਿਨਾਈ ਹੁੰਦੀ ਹੈ।
ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਇਕੱਠੇ ਹੋਏ ਹਨ ਅਤੇ ਇੰਨੇ ਇਕੱਠ ਵਿੱਚ ਕਰੋਨਾ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇੰਨੇ ਇਕੱਠ ਵਿੱਚ ਪਤਾ ਵੀ ਨਹੀਂ ਚੱਲਦਾ ਕਿ ਕੌਣ ਕਰੋਨਾ ਪਾਜ਼ੀਟਿਵ ਹੋ ਗਿਆ ਹੈ। ਕਰੋਨਾ ਮਹਾਂਮਾਰੀ ਕੋਈ ਵਿਵਾਦ ਨਹੀਂ ਹੈ, ਇਹ ਸਾਰੀ ਦੁਨੀਆ ਦਾ ਸੰਕਟ ਹੈ। ਇਹ ਸੰਕਟ ਸਾਡੇ ਅੰਦਰ ਵੀ ਆ ਸਕਦਾ ਹੈ। ਜੇ ਸਾਡੀ ਜਾਨ ਨਾ ਬਚੀ ਤਾਂ ਸਾਡੀਆਂ ਸਾਰੀਆਂ ਮੰਗਾਂ ਦਾ ਕੋਈ ਅਰਥ ਨਹੀਂ ਬਚੇਗਾ।
ਮਨੋਹਰ ਲਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੌਕਾ ਹੁਣ ਅੰਦੋਲਨ ਕਰਨ ਦਾ ਨਹੀਂ ਹੈ, ਇਕੱਠੇ ਰਹਿਣ ਦਾ ਨਹੀਂ ਹੈ। ਤੁਹਾਡੇ ਅੰਦੋਲਨ ਨੂੰ ਦਰਜ ਕੀਤਾ ਜਾ ਰਿਹਾ ਹੈ। ਅਗਰ ਕਰੋਨਾ ਨਾ ਹੋਵੇ ਤਾਂ ਤੁਸੀਂ ਦੁਬਾਰਾ ਵੀ ਇੱਥੇ ਆ ਕੇ ਅੰਦੋਲਨ ਕਰ ਸਕਦੇ ਹੋ, ਸਾਨੂੰ ਕੋਈ ਦਿੱਕਤ ਨਹੀਂ ਹੈ। ਖੱਟਰ ਨੇ ਕਿਹਾ ਕਿ ਕਿਸਾਨ ਆਪਣੇ ਪਰਿਵਾਰ, ਆਮ ਲੋਕਾਂ ਦੀ ਵੀ ਚਿੰਤਾ ਕਰਨ।
ਮਨੋਹਰ ਲਾਲ ਨੇ ਕਿਹਾ ਕਿ ‘ਮੰਡੀਆਂ ਵਿੱਚ ਫਸਲ ਦੀ ਅਦਾਇਗੀ ਸਹੀ ਢੰਗ ਨਾਲ ਹੋ ਰਹੀ ਹੈ ਅਤੇ ਕਰੋਨਾ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸਾਡੀ ਮੰਡੀਆਂ ਵਿੱਚ 60 ਫੀਸਦ ਅਨਾਜ ਆ ਗਿਆ ਹੈ। ਖੱਟਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਮੰਡੀਆਂ ਵਿੱਚ ਜ਼ਿਆਦਾ ਅਨਾਜ ਆ ਗਿਆ ਹੈ, ਉਸਦੀ ਅਦਾਇਗੀ ਹੋਣ ਤੋਂ ਬਾਅਦ ਹੀ ਕਿਸਾਨ ਆਪਣਾ ਅਨਾਜ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਮੰਡੀਆਂ ਵਿੱਚ ਅਨਾਜ ਲਈ ਜਗ੍ਹਾ ਬਣ ਸਕੇ’।