India Punjab Religion

ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਹਰਿਆਣਾ ਦੇ ਬਾਦਲ ਧੜੇ ਦੇ ਆਗੂਆਂ ਨੇ ਪਾਰਟੀ ਤੋਂ ਦਿੱਤੇ ਅਸਤੀਫ਼ੇ

ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਹਰਿਆਣਾ ਵਿੱਚ ਅਕਾਲੀ ਦਲ ਦੇ ਤਿੰਨ ਵੱਡੇ ਲੀਡਰਾਂ ਨੇ ਅਸਤੀਫ਼ੇ ਦਿੱਤੇ ਹਨ। ਹਰਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਮੈਂ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦਿੰਦਾ ਹਾਂ।

ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ। ਨਾਲ ਹੀ ਕੈਂਥਲ ਜ਼ਿਲ੍ਹੇ ਦੇ ਯੂਥ ਪ੍ਰਧਾਨ ਕੁਲਦੀਪ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦਿੱਤਾ । ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਰੋਸ ਵਜੋਂ ਅਸਤੀਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਵਉੱਚ ਹੈ।

ਇਸ ਦੇ ਨਾਲ ਹੀ ਹਰਿਆਣਾ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਮੰਡੀ ਨੇ ਵੀ ਜਥੇਦਾਰਾਂ ਨੂੰ ਹਟਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ‘ਤੇ ਵਾਪਰੀਆਂ ਘਟਨਾਵਾਂ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ। ਇਸੇ ਕਰਕੇ ਮੈਂ ਸ਼੍ਰੋਮਣੀ ਅਕਾਲੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।
ਅਕਾਲੀ ਦਲ ਬਾਦਲ ਹਰਿਆਣਾ ਦੇ ਜਨਰਲ ਸੈਕੇਟਰੀ ਪ੍ਰੀਤਮ ਸਿੰਘ ਢਿੱਲੋਂ ਨੇ ਵੀ ਅਸਤੀਫ਼ਾ ਦਿੱਤਾ। ਪ੍ਰੀਤਮ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਗਿਆਨੀ ਰਘੁਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਬਹੁਤ ਹੀ ਮੰਦਭਾਗਾ ਹੈ।