‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਬਉੱਚ ਅਦਾਲਤ ਦੇ ਸੀਨੀਅਰ ਵਕੀਲ ਅਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਨ੍ਹਾਂ ’ਤੇ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਫੂਲਕਾ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਖ਼ਿਲਾਫ਼ ਕੁੱਝ ਵੀ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਉਹ ਇਹ ਮੰਨਦੇ ਹਨ ਕਿ ਜੇਕਰ ਇਸ ਮਾਮਲੇ ਵਿੱਚ ਦੋਵਾਂ ਦਾ ਝਗੜਾ ਹੋ ਜਾਂਦਾ ਹੈ ਤਾਂ ਇਸ ਦਾ ਲਾਹਾ ਵਿਰੋਧੀਆਂ ਅਤੇ ਮੁਲਜ਼ਮਾਂ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰਲ ਕੇ ਇਸ ਕੇਸ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਇਸ ਕੇਸ ਦੇ ਪੀੜਤ ਧਿਰ ਵੱਲੋਂ ਇੱਕ ਵਿਅਕਤੀ ਉਨ੍ਹਾਂ ਨੂੰ ਮਿਲਣ ਜ਼ਰੂਰ ਆਇਆ ਸੀ, ਜਿਸ ਨੇ ਇਸ ਕੇਸ ਦੇ ਕਾਗਜ਼ ਉਨ੍ਹਾਂ ਨੂੰ ਸੌਂਪੇ ਸਨ ਅਤੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਕਾਗ਼ਜ਼ ਫੂਲਕਾ ਨੂੰ ਸੌਂਪਣ ਲਈ ਕਿਹਾ ਹੈ।
ਉਨ੍ਹਾਂ ਜਦੋਂ ਵਕੀਲਾਂ ਬਾਰੇ ਜਾਣਕਾਰੀ ਮੰਗੀ ਤਾਂ ਪੀੜਤਾ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੈਂਸ (ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ) ਉਨ੍ਹਾਂ ਦੇ ਕੇਸ ਦੀ ਪੈਰਵੀ ਕਰ ਰਹੇ ਹਨ। ਫੂਲਕਾ ਨੇ ਕਿਹਾ ਕਿ ਉਹ ਲੀਡਰ ਰਹੇ ਹਨ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿੱਚ ਉਨ੍ਹਾਂ ਦੇ ਸਿਆਸੀ ਲੀਡਰ ਹੋਣ ਦਾ ਪ੍ਰਭਾਵ ਹੈ। ਇਸ ਲਈ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਉਨ੍ਹਾਂ ਦਾ ਆਉਣਾ ਕੇਸ ਲਈ ਬਿਲਕੁਲ ਠੀਕ ਨਹੀਂ ਰਹੇਗਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਨ੍ਹਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਹਾਈ ਕੋਰਟ ਵਿੱਚ ਪੈਰਵੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਉਹ ਮੁਕੱਦਮਾ ਹਾਰ ਗਏ।