‘ਦ ਖ਼ਾਲਸ ਬਿਊਰੋ ( ਬਠਿੰਡਾ ) :- ਬਠਿੰਡਾ ਵਿੱਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਾਦਲਾਂ ਨੂੰ ਲਪੇਟੇ ’ਚ ਲੈਂਦਿਆ ਝੋਨੇ ਦੀ ਖਰੀਦ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵੀ ਸਵਾਲ ਉਠਾਏ। ‘ਆਪ ਨੇ ਕੇਂਦਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਖਿਲਾਫ ਸੰਘਰਸ਼ ਦੀ ਰਣਨੀਤੀ ਦਾ ਐਲਾਨ ਵੀ ਕੀਤਾ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੀ ਇੱਕਜੁੱਟ ਤਾਕਤ ਨੂੰ ਵੰਡਣ ਲਈ ਬਰਾਬਰ ‘ਚੱਕਾ ਜਾਮ’ ਦਾ ਫਲਾਪ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਕੋਲੋਂ ਹਰ ਚੌਂਕ-ਚੁਰਾਹੇ ‘ਚ ਘੇਰ ਕੇ ਪੁੱਛਿਆ ਜਾਵੇ ਕਿ ਉਹ ਅਜੇ ਵੀ ਮੋਦੀ ਦੀ ਗੋਦੀ ‘ਚੋਂ ਕਿਉਂ ਨਹੀਂ ਉਤਰ ਰਹੇ ?
ਆਪ ਵੱਲੋਂ ਇਸ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ , ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਅਸਲ ’ਚ ਕਿਸਾਨੀ ਸੰਘਰਸ਼ ਦੇ ਸਮਾਨ-ਅੰਤਰ ਬਾਦਲਾਂ ਵੱਲੋਂ ਜੋ ‘ਚੱਕਾ ਜਾਮ’ ਦਾ ਫਲਾਪ ਸ਼ੋਅ ਕੀਤਾ ਗਿਆ ਉਹ ‘ਮੋਦੀ’ ਨੂੰ ਖ਼ੁਸ਼ ਕਰਨ ਲਈ ਤੇ ਕਿਸਾਨੀ ਸੰਘਰਸ਼ ਨੂੰ ਵੰਡਣ ਦੀ ਅਸਫਲ ਕੋਸ਼ਿਸ ਸੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਲੋਕਾਂ ਨੇ ਪਿੰਡਾਂ ‘ਚ ‘ਨੋ ਐਂਟਰੀ’ ਦੇ ਬੋਰਡ ਲਗਾ ਦਿੱਤੇ ਤਾਂ ਜਾ ਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ੇ ਵਾਲਾ ਡਰਾਮਾ ਕਰਨਾ ਪਿਆ, ਜਿਸ ਨੂੰ ਹੁਣ ‘ਕੁਰਬਾਨੀ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬਾਦਲਾਂ ‘ਚ ਕੇਂਦਰੀ ਸੱਤਾ ਦੀ ਲਾਲਸਾ ਅਜੇ ਵੀ ਮੁੱਕੀ ਨਹੀਂ ਇਸ ਕਰਕੇ ਇਹ ਭਾਜਪਾ ਨਾਲੋਂ ਗੱਠਜੋੜ ਨਹੀਂ ਤੋੜ ਰਹੇ। ਉਨ੍ਹਾਂ ਮੁਤਾਬਿਕ, ‘‘ਬਾਦਲ ਭਾਜਪਾ ਨਾਲੋਂ ਗੱਠਜੋੜ ਤੋੜਨ ਜਾ ਨਾ ਤੋੜਨ ਇਹ ਗੱਲ ਹੁਣ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਪੰਜਾਬ ਦੇ ਲੋਕ ਇਨਾਂ (ਬਾਦਲਾਂ) ਨਾਲੋਂ ਪੂਰੀ ਤਰਾਂ ਟੁੱਟ ਚੁੱਕੇ ਹਨ।’’ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਉਂਝ ਤਾਂ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਸਮੇਤ ਸਭ ਦੀ ਅਗਵਾਈ ਕਰਨ ਦੀਆਂ ਪੇਸ਼ਕਸ਼ ਕਰ ਰਹੇ ਸਨ, ਪਰੰਤੂ ‘ਪੰਜਾਬ ਬੰਦ’ ਵਾਲੇ ਦਿਨ ਆਪਣੇ ‘ਫਾਰਮ ਹਾਊਸ’ ਤੋਂ 5 ਮਿੰਟਾਂ ਦੀ ਦੂਰੀ ‘ਤੇ ਮੋਦੀ ਵਿਰੁੱਧ ਜੁੜੇ ਕਿਸਾਨਾਂ ਕੋਲ ਵੀ ਨਹੀਂ ਗਏ।
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਾਦਲਾਂ ਵਾਂਗ ਪਟਿਆਲੇ ਵਾਲਾ ਸ਼ਾਹੀ ਪਰਿਵਾਰ ਵੀ ਮੋਦੀ ਖ਼ਿਲਾਫ਼ ਕੋਈ ਸਖ਼ਤ ਕਦਮ ਚੁੱਕ ਹੀ ਨਹੀਂ ਸਕਦਾ ਕਿਉਂਕਿ ਇਨਾਂ ‘ਤੇ ਕੇਂਦਰੀ ਏਜੰਸੀਆਂ ਦੀ ਤਲਵਾਰ ਲਟਕੀ ਹੋਈ ਹੈ। ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਮਾਸਟਰ ਬਲਦੇਵ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਆਪ ਆਗੂਆਂ ਨੇ ਸੜਕ ਹਾਦਸੇ ’ਚ ਜਖਮੀ ਹੋਏ ਕਿਸਾਨਾਂ ਦਾ ਹਾਲ-ਚਾਲ ਜਾਣਿਆ ਅਤੇ ਮ੍ਰਿਤਕ ਕਿਸਾਨ ਨੂੰ 10 ਦੀ ਥਾਂ 50 ਲੱਖ ਰੁਪਏ ਜਦੋਂਕਿ ਜ਼ਖਮੀਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਨਵਦੀਪ ਸਿੰਘ ਜੀਦਾ, ਅਨਿਲ ਠਾਕੁਰ, ਅਮਿ੍ਰਤ ਅਗਰਵਾਲ, ਨੀਲ ਗਰਗ ਆਦਿ ਸ਼ਾਮਲ ਸਨ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਕਿਸਾਨਾਂ ‘ਤੇ ਥੋਪੇ ਜਾ ਰਹੇ ਕਾਲੇ-ਕਾਨੂੰਨਾਂ ਵਿਰੁੱਧ ਆਮ ਆਦਮੀ ਪਾਰਟੀ ਆਉਂਦੀ 28 ਸਤੰਬਰ ਤੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੀ ਹੈ । ਉਨਾਂ ਦੱਸਿਆ ਕਿ ਇਸ ਮੌਕੇ ਇਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਝੋਨੇ ਦੀ ਅਗਾਊਂ ਖ਼ਰੀਦ ਗੁਮਰਾਹ ਕਰਨ ਦੀ ਚਾਲ
ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਝੋਨੇ ਦੀ ਖ਼ਰੀਦ 1 ਅਕਤੂਬਰ ਦੀ ਥਾਂ ਅੱਜ 26 ਸਤੰਬਰ ਤੋਂ ਹੀ ਸ਼ੁਰੂ ਕਰਵਾ ਦਿੱਤੀ ਹੈ। ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਕਿਸਾਨ ਸੰਘਰਸ਼ ਬੇਮਿਸਾਲ ਕਾਮਯਾਬੀ ਤੋਂ ਡਰ ਕੇ ਲਿਆ ਗਿਆ ਫ਼ੈਸਲਾ ਹੈ, ਪਰੰਤੂ ਇਸ ਪਿੱਛੇ ਕਿਸਾਨਾਂ ਨੂੰ ਗੁਮਰਾਹ ਕਰਨ ਅਤੇ ਕਿਸਾਨੀ ਸੰਘਰਸ਼ ਦੀ ਤਾਕਤ ਵੰਡਣ ਦੀ ਚਾਲ ਹੈ। ਮੋਦੀ ਸਰਕਾਰ ਕਿਸਾਨਾਂ ‘ਚ ਇਹ ਭੰਬਲਭੂਸਾ ਪੈਦਾ ਕਰਨ ਦੀ ਤਾਕ ਵਿਚ ਹੈ ਕਿ ਝੋਨੇ ਦੀ ਸਰਕਾਰੀ ਖ਼ਰੀਦ ਅਤੇ ਐਮਸਐਸਪੀ ਉੱਪਰ ਕੋਈ ਫ਼ਰਕ ਨਹੀਂ ਪੈ ਰਿਹਾ ਹੈ ਜਿਸ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ।