‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਕਸਰ ਲੋਕ ਇਹ ਮਜ਼ਾਕ ਉਡਾਉਂਦੇ ਹਨ ਕਿ ਵਾਅਦਿਆਂ ਦੇ ਨਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੱਪਾਂ ਬਹੁਤ ਮਾਰਦੇ ਹਨ। ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਪੋਸਟ ਤੁਰੀਂ ਰਹਿੰਦੀ ਹੈ, ਜਿਸ ਵਿੱਚ ਸੁਖਬੀਰ ਬਾਦਲ ਨੂੰ ਗੱਪਾਂ ਦਾ ਕਿੰਗ ਕਿਹਾ ਜਾਂਦਾ ਹੈ। ਪਰ ਲੋਕਾਂ ਦਾ ਆਪਣੇ ਸਿਆਸੀ ਲੀਡਰ ਲਈ ਇੰਨਾ ਕੁ ਮਜ਼ਾਕ ਤਾਂ ਸ਼ਾਇਦ ਸੁਖਬੀਰ ਬਾਦਲ ਵੀ ਝੱਲ ਹੀ ਲੈਂਦੇ ਹੋਣਗੇ। ਪਰ ਹੁਣ ਬਠਿੰਡਾ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅਜਿਹੀ ਹੀ ਵਿਵਾਦਤ ਬਿਆਨ ਦੇ ਦਿੱਤਾ ਹੈ, ਜਿਹੜਾ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਲੰਘੇ ਦਿਨੀਂ ਬਾਦਲ ਪਿੰਡ ਤੋਂ ਹਰਸਿਮਰਤ ਕੌਰ ਬਾਦਲ ਆਪਣੇ ਦਫ਼ਤਰ ਬਠਿੰਡਾ ਵੱਲ ਆ ਰਹੇ ਸੀ ਤਾਂ ਨਰੂਆਣਾ ਦੀ ਮੰਡੀ ਕੋਲ ਆ ਕੇ ਕਿਸਾਨਾਂ ਕੋਲ ਰੁਕ ਗਏ। ਇੱਥੇ ਕਿਸਾਨ ਪਿਛਲੇ ਪੰਦਰਾਂ ਦਿਨਾਂ ਤੋਂ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਪ੍ਰੇਸ਼ਾਨੀ ਝੱਲ ਰਹੇ ਹਨ।

ਹਰਸਿਮਰਤ ਕੌਰ ਨੂੰ ਦੇਖ ਕੇ ਕਿਸਾਨਾਂ ਨੇ ਵੀ ਆਪਣਾ ਦੁੱਖ ਜਾਹਿਰ ਕੀਤਾ ਤਾਂ ਹਰਸਿਮਰਤ ਕੌਰ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸੰਧੂ ਨੂੰ ਫੋਨ ਲਾ ਲਿਆ ਅਤੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਚੁਕਾਈ ਨੂੰ ਲੈ ਕੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡੀਏਪੀ ਦੀ ਕਮੀ ਬਾਰੇ ਵੀ ਗੱਲਬਾਤ ਕੀਤੀ।

ਜਦੋਂ ਡਿਪਟੀ ਕਮਿਸ਼ਨਰ ਦਾ ਭਰੋਸਾ ਮਿਲਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਫੋਨ ਕੱਟ ਦਿੱਤਾ ਤਾਂ ਹਰਸਿਮਰਤ ਕੌਰ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਗੱਪੀ ਕਹਿੰਦਿਆਂ ਕਿਸਾਨਾਂ ਨੂੰ ਕਿਹਾ…ਕਹਿੰਦਾ ਤਾਂ ਹੈਗਾ ਹੁਣੇ ਭੇਜੂੰਗਾ ਮੈਨੂੰ ਤਾਂ ਲੱਗਦੈ ਗੱਪੀ ਜਿਹਾ ਹੀ ਲੱਗ ਰਿਹਾ ਸੀਗਾ। ਪ੍ਰੰਤੂ ਹੁਣ ਹਰਸਿਮਰਤ ਕੌਰ ਬਾਦਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਲੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਪ੍ਰਤੀਕਰਮ ਨਹੀਂ ਦਿੱਤਾ ਹੈ।
