ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਨਿਰਾਸ਼ਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸਰਕਾਰ ਬਚਾਓ ਬਜਟ ਹੈ। ਕੇਂਦਰ ਸਰਕਾਰ ਨੂੰ ਲੰਗੜੀ ਸਰਕਾਰ ਕਹਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਇਲਾਵਾ ਹੋਰ ਕਿਸੇ ਰਾਜ ਬਾਰੇ ਕੁਝ ਵੀ ਨਹੀਂ ਸੋਚਿਆ ਹੈ। ਸਰਕਾਰ ਨੇ ਖੁਦ ਨੂੰ ਬਚਾਈ ਰੱਖਣ ਲਈ ਬਾਕੀ ਸਾਰੇ ਰਾਜਾਂ ਨੂੰ ਨਜ਼ਰ ਅੰਦਾਜ ਕੀਤਾ ਹੈ।
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਨਾਲ ਬਜਟ ਵਿੱਚ ਕੀਤੇ ਵਿਤਕਰੇ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹੋਰ ਰਾਜਾਂ ਵਿੱਚ ਹੜ੍ਹ ਆਉਣ ‘ਤੇ ਆਰਥਿਕ ਸਹਾਇਤਾ ਦਿੱਤੀ ਗਈ ਹੈ ਪਰ ਪੰਜਾਬ ਨੂੰ ਇਕ ਸਾਲ ਦੋ ਵਾਰ ਹੜ੍ਹ ਆਉਣ ਦੇ ਬਾਵਜੂਦ ਕੋਈ ਸਹਾਇਤਾ ਦਿੱਤੀ ਗਈ। ਇਸ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਬਜਟ ‘ਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੋ ਲੀਡਰ ਹੋਰ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਹੁਣ ਜਵਾਬ ਦੇਣਾ ਚਾਹੀਦਾ ਹੈ।
ਰਾਹੁਲ ਗਾਂਧੀ ਵੱਲੋਂ ਕੀਤੀ ਕਿਸਾਨਾਂ ਨਾਲ ਮੁਲਾਕਾਤ ‘ਤੇ ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ 10 ਸਾਲ ਰਹੀ ਹੈ। ਉਸ ਸਮੇਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਕੀਤੀਆਂ। ਇਸ ਤੋਂ ਪਹਿਲਾ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਪੂਰਾ ਨਹੀਂ ਕੀਤਾ। ਹਰਸਿਮਰਤ ਨੇ ਕਿਹਾ ਕਿ ਕਿਸਾਨਾਂ ਦੀ ਹਿਤੈਸੀ ਸਿਰਫ ਅਕਾਲੀ ਦਲ ਹੀ ਹੈ, ਜਿਸ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਸਮੇਂ ਭਾਜਪਾ ਨਾਲ ਗਠਜੋੜ ਤੋੜ ਕੇ ਸਰਕਾਰ ਵਿੱਚੋਂ ਵੀ ਅਸਤੀਫਾ ਦਿੱਤਾ ਸੀ। ਉਨ੍ਹਾਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਐਸਵਾਈਐਲ ਦੇ ਮੁੱਦੇ ਤੇ ਦੋਗਲੀ ਰਾਜਨੀਤੀ ਖੇਡਣ ਦਾ ਵੀ ਅਰੋਪ ਲਗਾਇਆ ਹੈ।
ਇਹ ਵੀ ਪੜ੍ਹੋ – ਕਿਸਾਨਾਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕੇਂਦਰ ਸਰਕਾਰ ਨੂੰ ਘੇਰਨ ਦੀ ਦੱਸੀ ਰਣਨੀਤੀ