‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿ ਪੰਜਾਬ ਦੇ ਕਿਸਾਨ ਦਿੱਲੀ ਜਾ ਕੇ ਧਰਨੇ ਦੇਣ, ਪੰਜਾਬ ਦਾ ਮਾਹੌਲ ਤੇ ਅਰਥਚਾਰਾ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੇ ਇਸ ਬਿਆਨ ਦਾ ਮਤਲਬ ਇਹ ਹੈ ਕਿ ਦਿੱਲੀ ਜਾ ਕੇ ਗਰਮੀ, ਸਰਦੀ, ਮੀਂਹ-ਹਨੇਰੀ, ਕਿਸੇ ਵੀ ਮੌਸਮ ਵਿੱਚ ਰਹੋ, ਇਸ ਨਾਲ ਪੰਜਾਬ ਸਰਕਾਰ ਨੂੰ ਕੋਈ ਲੈਣ ਦੇਣ ਨਹੀਂ।
ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਵਾਰ ਵੀ ਦਿੱਲੀ ਜਾ ਕੇ ਧਰਨਾ ਦੇ ਰਹੇ ਲੋਕਾਂ ਦਾ ਦੁੱਖ ਨਹੀਂ ਸੁਣਿਆਂ।ਹਰਸਿਮਰਤ ਕੌਰ ਨੇ ਦੋਸ਼ ਲਾਇਆ ਕਿ ਕੈਪਟਨ ਵੀ ਹੁਣ ਕੇਂਦਰ ਦੀ ਬੋਲੀ ਬੋਲਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਰਥਚਾਰਾ ਠੀਕ ਕਰਨਾ ਕੈਪਟਨ ਸਰਕਾਰ ਦੀ ਜਿੰਮੇਦਾਰੀ ਹੈ।
ਦਿੱਲੀ ਤਾਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ, ਫਿਰ ਕੈਪਟਨ ਕਿਹੜੀ ਉਮੀਦ ਨਾਲ ਕਹਿ ਰਹੇ ਕਿ ਦਿੱਲੀ ਜਾ ਕੇ ਧਰਨੇ ਦਿਓ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਾ ਤੇ ਪ੍ਰਧਾਨ ਕੁੱਝ ਬੋਲਦਾ ਹੈ ਤੇ ਨਾ ਹੀ ਮੁੱਖ ਮੰਤਰੀ। ਇੱਥੋਂ ਤੱਕ ਕੇ ਐਮਐਲਏ ਵੀ ਚੁੱਪ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸਦਾ 2022 ਵਿੱਚ ਜਵਾਬ ਦੇਣਗੇ।