India Punjab

ਅੰਮ੍ਰਿਤਧਾਰੀ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਦਾ ਮਾਮਲਾ ਭਖਿਆ, ਹਰਸਿਮਰਤ ਕੌਰ ਬਾਦਲ ਨੇ ਕੀਤੀ ਨਿੰਦਾ

Harsimrat Kaur Badal

ਰਾਜਸਥਾਨ (Rajasthan) ਦੇ ਜੋਧਪੁਰ (jodhpur) ਵਿੱਚ ਅੰਮ੍ਰਿਤਧਾਰੀ ਲੜਕੀ ਨੂੰ ਕਿਰਪਾਲ ਨਾ ਉਤਾਰਨ ਕਾਰਨ ਪੇਪਰ ਦੇਣ ਤੋਂ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਲੀਡਰਾਂ ਨੇ ਇਸ ਦਾ ਵਿਰੋਧ ਕਰਕੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਤੋਂ ਬਾਅਦ ਹੁਣ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਜਿਸ ਤਰੀਕੇ ਨਾਲ ਇੱਕ ਅੰਮ੍ਰਿਤਧਾਰੀ ਸਿੱਖ ਅਤੇ ਵਕੀਲ ਬੀਬੀ ਅਮਰਜੋਤ ਕੌਰ ਨੂੰ ਜੋਧਪੁਰ ਵਿਖੇ ਜੁਡੀਸ਼ੀਅਲ ਸਰਵਿਸਿਜ਼ ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਸੀ, ਉਹ ਅਤਿ ਨਿੰਦਣਯੋਗ ਹੈ। ਮੈਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਬੇਨਤੀ ਕਰਦੀ ਹਾਂ ਕਿ ਸਮੁੱਚੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਦੋਸ਼ੀ ਪ੍ਰੀਖਿਆ ਸਟਾਫ਼ ਵਿਰੁੱਧ ਮਿਸਾਲੀ ਸਜ਼ਾ ਯਕੀਨੀ ਬਣਾਉਣ ਦੇ ਨਾਲ-ਨਾਲ ਅਮਰਜੋਤ ਕੌਰ ਨੂੰ ਪ੍ਰੀਖਿਆ ਵਿਚ ਬੈਠਣ ਦਾ ਵਿਸ਼ੇਸ਼ ਮੌਕਾ ਦੇਣ।

ਸਾਰੇ ਇਮਤਿਹਾਨ ਅਮਲੇ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੁਖਦਾਈ ਘਟਨਾਵਾਂ ਦੁਬਾਰਾ ਨਾ ਹੋਣ।

ਇਹ ਹੈ ਪੂਰਾ ਮਾਮਲਾ?

ਜੋਧਪੁਰ ਵਿਖੇ ਹੋਏ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਦੇ ਪੇਪਰਾਂ ਵਿੱਚ ਜਲੰਧਰ ਨਿਵਾਸੀ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਕੇਂਦਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਸਿੱਖ ਬੱਚੀ ਦੇ ਪਿਤਾ ਬਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਜੁਡੀਸ਼ੀਅਲ ਸੇਵਾਵਾਂ ਲਈ ਮੁਕਾਬਲਾ ਪ੍ਰੀਖਿਆ ਦੇਣ ਲਈ ਜੋਧਪੁਰ ਗਈ ਸੀ, ਜਿੱਥੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਨੇ ਉਸ ਨੂੰ ਪੇਪਰ ਵਿੱਚ ਦਾਖਲੇ ਲਈ ਕਿਰਪਾਨ ਉਤਾਰਨ ਲਈ ਕਿਹਾ। ਲੇਕਿਨ ਸਿੱਖ ਬੱਚੀ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਿਰਪਾਨ ਨਹੀਂ ਉਤਾਰੀ ਤਾਂ ਉਸ ਨੂੰ ਪ੍ਰੀਖਿਆ ਦੇਣ ਦੇ ਮੌਕੇ ਤੋਂ ਵਾਂਝੇ ਰੱਖਿਆ ਗਿਆ।

ਬਲਜੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਜੋਧਪੁਰ ਵਿਖੇ ਰਾਜਸਥਾਨ ਦੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਗਈ ਹੈ ਅਤੇ ਨਿਆਂ ਲਈ ਕਨੂੰਨੀ ਲੜਾਈ ਲੜੀ ਜਾਵੇਗੀ। ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਇਨਸਾਫ ਹੋਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹਾ ਵਿਤਕਰਾ ਨਾ ਹੋਵੇ।

ਇਹ ਵੀ ਪੜ੍ਹੋ –   ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਲੈ ਕੇ ਕਹੀ ਵੱਡੀ ਗੱਲ, ਕਾਂਗਰਸ ਨੇ ਵੀ ਦਿੱਤਾ ਜਵਾਬ